ਨਾਭਾ 'ਚ ਓਪਨ ਖੇਤੀਬਾੜੀ ਜੇਲ ਨੂੰ ਬਣਾਇਆ ਜਾਏਗਾ ਮਾਡਲ ਫਾਰਮ ਜੇਲ: ਰੰਧਾਵਾ

02/17/2020 12:20:35 PM

ਨਾਭਾ (ਜੈਨ)-ਉੱਤਰੀ ਭਾਰਤ ਦੀ ਇਕਲੌਤੀ ਓਪਨ ਖੇਤੀਬਾੜੀ ਜੇਲ ਦਾ ਨਾਭਾ ਵਿਚ ਉਦਘਾਟਨ ਉਸ ਸਮੇਂ ਦੇ ਜੇਲ ਮੰਤਰੀ ਸਵਰਗੀ ਯਸ਼ੂ ਜੀ ਨੇ 10 ਅਕਤੂਬਰ 1976 ਨੂੰ ਕੀਤਾ ਸੀ। ਇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਇਸ ਸਮੇਂ 75 ਏਕੜ ਜ਼ਮੀਨ ਵਿਚ ਖੇਤੀਬਾੜੀ ਕਰਦੇ ਹਨ। ਫਸਲ ਲੈ ਕੇ ਰੌਣੀ ਫਾਰਮ ਜਾਂ ਮੰਡੀ ਵਿਚ ਕੈਦੀ ਹੀ ਜਾਂਦੇ ਹਨ। ਜਿਥੇ ਪੰਜਾਬ ਦੀਆਂ ਜੇਲਾਂ ਬਦਨਾਮ ਹੋ ਚੁੱਕੀਆਂ ਹਨ, ਉਥੇ ਨਾਭਾ ਦੀ ਇਹ ਓਪਨ ਜੇਲ ਅਜਿਹੀ ਹੈ ਜੋ 43-44 ਸਾਲਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਨਹੀਂ ਹੋਈ। ਜੇਲਰ ਸੁੱਚਾ ਸਿੰਘ ਅਨੁਸਾਰ ਇਸ ਸਮੇਂ ਜੇਲ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 59 ਕੈਦੀ ਹਨ। ਉਨ੍ਹਾਂ ਵਿਚੋਂ 25 ਕੈਦੀ ਪੈਰੋਲ ਛੁੱਟੀ 'ਤੇ ਘਰ ਗਏ ਹੋਏ ਹਨ। ਕੈਦੀ ਖੁੱਲ੍ਹੇ ਆਸਮਾਨ ਹੇਠਾਂ ਖੇਤੀਬਾੜੀ ਕਰਦੇ ਹਨ।

ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਓਪਨ ਜੇਲ ਨੂੰ ਸੂਬੇ ਦੀ ਪਹਿਲੀ ਓਪਨ ਮਾਡਲ ਫਾਰਮ ਜੇਲ ਬਣਾ ਕੇ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਵਧਾਈ ਜਾਵੇਗੀ। ਜੇਲ ਵਿਚ ਆਰਗੈਨਿਕ ਖੇਤੀਬਾੜੀ ਕੀਤੀ ਜਾਵੇਗੀ। ਇਸ ਜੇਲ ਦੀ 2200 ਏਕੜ ਜ਼ਮੀਨ ਵਿਚ ਵਧੇਰੇ ਜ਼ਮੀਨ ਖੇਤੀਬਾੜੀ ਯੂਨੀਵਰਸਿਟੀ ਨੇ ਐਕਵਾਇਰ ਕਰ ਲਈ ਸੀ, ਜਿਸ ਨੂੰ ਵਾਪਸ ਲੈਣ ਲਈ ਯਤਨ ਜਾਰੀ ਹਨ। ਜੇਲ ਮੰਤਰੀ ਅਨੁਸਾਰ ਕੇਂਦਰੀ ਸਰਕਾਰ ਕੋਈ ਗ੍ਰਾਂਟ ਨਹੀਂ ਦੇ ਰਹੀ। ਜੇਲਾਂ ਵਿਚ ਵੱਡੇ-ਵੱਡੇ ਗੈਂਗਸਟਰ ਬੰਦ ਹਨ। ਮੋਬਾਇਲਾਂ ਦੀ ਵਰਤੋਂ ਦੀ ਰੋਕਥਾਮ ਲਈ ਅਚਨਚੇਤ ਛਾਪਾਮਾਰੀ ਕਰਵਾਈ ਜਾ ਰਹੀ ਹੈ। ਏ. ਡੀ. ਜੀ. ਪੀ. ਪੱਧਰ ਤੋਂ ਲੈ ਕੇ ਡੀ. ਆਈ. ਜੀ. ਪੱਧਰ ਦੇ ਅਧਿਕਾਰੀ ਜੇਲਾਂ ਵਿਚ ਜਾ ਕੇ ਕੈਦੀਆਂ, ਹਵਾਲਾਤੀਆਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਹਨ ਅਤੇ ਜੇਲ ਸੁਧਾਰਾਂ ਬਾਰੇ ਮੀਟਿੰਗਾਂ ਹੋ ਰਹੀਆਂ ਹਨ। ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਸਨਮਾਨ ਕੀਤਾ ਜਾਵੇ ਜਦੋਂ ਕਿ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸਵਾਲੀਆ ਚਿੰਨ੍ਹ ਲਾਉਣ ਵਾਲੇ ਅਫ਼ਸਰਾਂ, ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


Shyna

Content Editor

Related News