ਨਾਭਾ ਕੌਂਸਲ ਦੇ 9 ਸਾਬਕਾ ਪ੍ਰਧਾਨ ਤੇ 6 ਸਾਬਕਾ ਉਪ ਪ੍ਰਧਾਨ ਚੋਣ ਮੈਦਾਨ ’ਚ ਡਟੇ

01/04/2021 2:51:08 PM

ਨਾਭਾ (ਜੈਨ) : ਲਗਭਗ 25 ਕਰੋੜ ਰੁਪਏ ਸਾਲਾਨਾ ਬਜਟ ਵਾਲੀ ਸਥਾਨਕ ਏ ਕਲਾਸ ਦੀ ਨਗਰ ਕੌਂਸਲ ਦੀਆਂ ਚੋਣਾਂ ਲਈ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਦਕਿ ਭਾਜਪਾ ਨੇ ਕਿਸਾਨ ਮੋਰਚਾ ਕਾਰਨ ਅਜੇ ਤੱਕ ਮੀਟਿੰਗ ਨਹੀਂ ਕੀਤੀ। ਕੁੱਲ 23 ਵਾਰਡਾਂ ਦੀ ਚੋਣਾਂ ਲਈ ਐਤਕੀਂ ਪੰਜ ਵਾਰੀ ਕੌਂਸਲਰ ਰਹੇ ਅਮਰਦੀਪ ਸਿੰਘ ਖੰਨਾ ਨੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੋਣ ਕਾਰਨ ਆਪਣੇ ਬੇਟੇ ਨੂੰ ਵਾਰਡ ਨੰ. 20 ਤੋਂ ਖੜ੍ਹਾ ਕਰਨ ਦਾ ਫ਼ੈਸਲਾ ਕੀਤਾ ਹੈ ਜਦਕਿ ਚਾਰ ਵਾਰੀ ਕੌਂਸਲਰ ਰਹੇ ਸਾਬਕਾ ਕੌਂਸਲ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ ਨੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ।

ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਵਾਰਡ ਨੰ. 2, ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼ ਐਡਵੋਕੇਟ ਨੇ ਵਾਰਡ ਨੰ. 4, ਇਕ ਹੋਰ ਸਾਬਕਾ ਪ੍ਰਧਾਨ ਭੱਟੀ ਨੇ ਆਪਣੀ ਪਤਨੀ ਨੂੰ ਵਾਰਡ ਨੰ. 5 ਤੋਂ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਵਾਰਡ ਨੰ. 10 ਵਿਚ ਦੋ ਸਾਬਕਾ ਕੌਂਸਲ ਪ੍ਰਧਾਨ ਪਵਨ ਕੁਮਾਰ ਗਰਗ ਤੇ ਰਜਨੀਸ਼ ਮਿੱਤਲ ਸ਼ੈਂਟੀ ਆਹਮੋ-ਸਾਹਮਣੇ ਹਨ। ਇਸ ਵਾਰ ਕੌਂਸਲ ਦੇ 9 ਸਾਬਕਾ ਪ੍ਰਧਾਨ ਤੇ 6 ਸਾਬਕਾ ਉਪ ਪ੍ਰਧਾਨ ਚੋਣ ਲੜਨ ਲਈ ਮੈਦਾਨ ਵਿਚ ਹਨ ਜਦੋਂ ਕਿ ਅੱਧੀ ਦਰਜਨ ਸਾਬਕਾ ਕੌਂਸਲਰ ਟਿਕਟਾਂ ਨਾ ਮਿਲਣ ਕਾਰਨ ਮੈਦਾਨ ਤੋਂ ਬਾਹਰ ਹਨ।

ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਵੱਖਰੇ ਹੋ ਕੇ ਚੋਣ ਲੜ ਰਹੇ ਹਨ, ਜਿਸ ਕਾਰਨ ਕਿਸਆਸੀ ਸਮੀਕਰਨ ਤਬਦੀਲ ਹੋ ਗਏ ਹਨ। ਕਾਂਗਰਸ ਵਿਚੋਂ ਵੱਡੀ ਗਿਣਤੀ ਵਿਚੀ ਸਾਬਕਾ ਕੌਂਸਲਰਾਂ ਦੇ ‘ਆਪ’ ਵਿਚ ਜਾਣ ਕਾਰਨ ਮੁਕਾਬਲੇ ਦਿਲਚਸਪ ਹੋਣ ਦੀ ਸੰਭਾਵਨਾ ਹੈ। 1998 ਵਿਚ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ ਰਾਜਾ ਨਰਿੰਦਰ ਸਿੰਘ ਸਾਬਕਾ ਮੰਤਰੀ ਨਾਲ ਸਾਂਝ ਕਰਕੇ ਭਾਜਪਾ ਕੌਂਸਲਰ ਨੂੰ ਕੌਂਸਲ ਪ੍ਰਧਾਨ ਬਣਾ ਦਿੱਤਾ ਸੀ। ਹੁਣ ਰਮੇਸ਼ ਸਿੰਗਲਾ ਤੇ ਜਸਦੀਪ ਨਿੱਕੂ ਦੋਵੇਂ ‘ਆਪ’ ਵਿਚ ਸ਼ਾਮਲ ਹੋਣ ਕਾਰਨ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਜੇਤੂ ਰਹਿੰਦਾ ਹੈ।


Gurminder Singh

Content Editor

Related News