ਬਾਦਲ ਪਰਿਵਾਰ ਨੇ ਪੰਜਾਬ ਦੇ ਹਿਤਾਂ ਨਾਲ ਹਮੇਸ਼ਾ ਖਿਲਵਾੜ ਕੀਤਾ : ਧਰਮਸੌਤ

01/20/2020 5:18:39 PM

ਨਾਭਾ (ਜੈਨ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸੁਖਬੀਰ ਬਾਦਲ, ਮਜੀਠੀਆ ਤੇ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਆਗੂ ਹੰਕਾਰੀ ਅਤੇ ਤਾਨਾਸ਼ਾਹ ਹਨ। ਬਾਦਲ ਪਰਿਵਾਰ ਨੇ ਹਮੇਸ਼ਾ ਪਰਿਵਾਰਵਾਦ ਦੇ ਮੋਹ 'ਚ ਫਸ ਕੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕੀਤਾ। ਸੂਬੇ ਦੇ ਵਿਕਾਸ ਲਈ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰੀ ਮੁੱਖ ਮੰਤਰੀ ਬਣ ਕੇ ਕੁਝ ਨਹੀਂ ਕੀਤਾ ਬਲਕਿ ਪਰਿਵਾਰਕ ਮੈਂਬਰਾਂ ਨੂੰ ਕੁਰਸੀਆਂ ਹੀ ਵੰਡੀਆਂ। ਹਰਸਿਮਰਤ ਕੌਰ ਬਾਦਲ ਨੂੰ ਦੋ ਵਾਰੀ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਬਣਾ ਕੇ ਪੰਜਾਬ ਦੇ ਹਿਤ ਗਹਿਣੇ ਪਾ ਦਿੱਤੇ। ਪਹਿਲਾਂ ਸੁਖਬੀਰ ਬਾਦਲ ਨੂੰ ਕੇਂਦਰ ਵਿਚ ਉਦਯੋਗ ਰਾਜ ਮੰਤਰੀ ਬਣਾ ਕੇ ਪੰਜਾਬ ਨਾਲ ਮਜ਼ਾਕ ਕੀਤਾ। ਸੁਖਬੀਰ ਬਾਦਲ ਨੇ ਤਾਨਾਸ਼ਾਹ ਬਣ ਕੇ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ, ਸੇਵਾ ਸਿੰਘ ਸੇਖਵਾਂ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਨਜ਼ਰਅੰਦਾਜ਼ ਕੀਤਾ। ਹੁਣ ਅਕਾਲੀ ਦਲ ਖੇਰੂੰ-ਖੇਰੂੰ ਹੋਣ ਕੰਢੇ ਹੈ। ਮੋਦੀ ਦੀ ਭਾਈਵਾਲ ਪਾਰਟੀ ਹੋਣ ਦੇ ਬਾਵਜੂਦ ਪੰਜਾਬ ਲਈ ਕੋਈ ਵੱਡਾ ਪੈਕੇਜ ਨਹੀਂ ਲਿਆਂਦਾ।

ਧਰਮਸੌਤ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਦਿੱਲੀ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਵੇਗਾ। ਆਮ ਆਦਮੀ ਪਾਰਟੀ ਦੋਫਾੜ ਹੋਣ ਕੰਢੇ ਹੈ ਕਿਉਂਕਿ ਵਧੇਰੇ ਸਿਟਿੰਗ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ। ਸਾਡੀ ਪਾਰਟੀ ਲੋਕਤੰਤਰ ਵਿਚ ਭਰੋਸਾ ਰਖਦੀ ਹੈ। ਉਨ੍ਹਾਂ ਕਿਹਾ ਕਿ ਇਥੋਂ ਵੱਡੀ ਗਿਣਤੀ ਵਿਚ ਵਰਕਰ ਦਿੱਲੀ ਪ੍ਰਚਾਰ ਲਈ ਜਾਣਗੇ।
 

Baljeet Kaur

This news is Content Editor Baljeet Kaur