ਜ਼ਮੀਨ ਵਿਕਰੀ ਮਾਮਲੇ ’ਚ ਐੱਨ. ਆਰ. ਆਈ. ਨਾਲ 7 ਲੱਖ ਦੀ ਠੱਗੀ

11/19/2018 3:49:43 AM

ਮੋਗਾ, (ਅਾਜ਼ਾਦ)- ਪਿੰਡ ਮੋਡ਼ ਨੌਂ ਅਬਾਦ ਨਿਵਾਸੀ ਐੱਨ. ਆਰ. ਆਈ. ਗੁਰਤੇਜ ਸਿੰਘ ਦੇ ਨਾਲ ਜ਼ਮੀਨ ਮਾਮਲੇ ’ਚ ਜ਼ਮੀਨ ਵਿਕਰੇਤਾ ਅਤੇ ਪ੍ਰਾਪਰਟੀ ਡੀਲਰ ਵੱਲੋਂ ਕਥਿਤ ਮਿਲੀਭੁਗਤ ਕਰ ਕੇ 7 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕੈਨੇਡਾ ਸਿਟੀਜ਼ਨ ਗੁਰਤੇਜ ਸਿੰਘ ਪੁੱਤਰ ਸਾਧੂ ਸਿੰਘ ਨੇ ਕਿਹਾ ਕਿ ਉਸਨੇ ਆਪਣੇ ਪਿੰਡ ਦੇ ਹੀ ਇਕ ਕਿਸਾਨ ਹਰਬੰਸ ਸਿੰਘ ਪੁੱਤਰ ਨੱਥਾ ਸਿੰਘ ਨਾਲ ਉਸਦੀ 16 ਕਨਾਲ ਜ਼ਮੀਨ ਦਾ ਸੋਦਾ 19 ਫਰਵਰੀ 2014 ਨੂੰ 7 ਲੱਖ 10 ਹਜ਼ਾਰ ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਪ੍ਰਾਪਰਟੀ ਡੀਲਰ ਰਾਜ ਕੁਮਾਰ ਉਰਫ ਰਾਜ ਅਤੇ ਉਸਦੇ ਭਰਾ ਪਵਨ ਕੁਮਾਰ ਉਰਫ ਪੰਮੀ ਦੋਨੋਂ ਨਿਵਾਸੀ ਪਿੰਡ ਸੰਗਤਪੁਰਾ ਰਾਹੀਂ ਕੀਤਾ ਸੀ, ਜਿਸ ਦਾ ਇਕਰਾਰਨਾਮਾ ਅਸੀਂ ਬਾਘਾਪੁਰਾਣਾ ਤਹਿਸੀਲ ਕੰਪਲੈਕਸ ’ਚ ਕਰਦੇ ਸਮੇਂ ਮੈਂ ਉਨ੍ਹਾਂ ਨੂੰ 7 ਲੱਖ ਰੁਪਏ ਦੇ ਦਿੱਤੇ। ਰਜਿਸਟਰੀ ਕਰਵਾਉਣ ਦੀ ਮਿਆਦ 18 ਫਰਵਰੀ 2015 ਤੈਅ ਕੀਤੀ ਗਈ ਸੀ, ਪਰ  ਦੋਸ਼ੀ ਨੇ ਜ਼ਮੀਨ ਦੀ ਰਜਿਸਟਰੀ ਨਾ ਕਰਵਾਈ। 
ਉਸਨੇ ਦੋਸ਼ ਲਾਇਆ ਕਿ ਪ੍ਰਾਪਰਟੀ ਡੀਲਰ ਉਸਦੇ ਕੋਲੋਂ ਇਕਰਾਰਨਾਮੇ ਅਤੇ ਹੋਰ ਦਸਤਾਵੇਜ਼ ਇਹ ਕਹਿ ਕੇ ਲੈ ਗਏ ਕਿ ਉਨ੍ਹਾਂ ਬੈਂਕ ਤੋਂ ਕਲੀਅਰੈਂਸ ਲੈਣੀ ਹੈ, ਜਿਸ ਦੇ ਬਾਅਦ ਉਸ ਨੂੰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਉਣਗੇ, ਤਾਂ ਦੁਗਣਾ ਬਿਆਨਾਂ ਵਾਪਸ ਕੀਤਾ ਜਾਵੇਗਾ। ਇਸ ਤਰ੍ਹਾਂ ਸਾਰਿਆਂ ਨੇ ਕਥਿਤ ਮਿਲੀਭੁਗਤ ਕਰ ਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਜ਼ਿਲਾ ਪੁਲਸ ਮੁਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. (ਐੱਸ) ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਸ਼ਿਕਾਇਤ ਕਰਤਾ ਐੱਨ. ਆਰ. ਆਈ. ਦੇ ਦੋਸ਼ ਸਹੀ ਪਾਏ ਜਾਣ ’ਤੇ ਹਰਬੰਸ ਸਿੰਘ, ਪਵਨ ਕੁਮਾਰ ਪੰਮੀ, ਰਾਜ ਕੁਮਾਰ ਉਰਫ ਰਾਜ ਖਿਲਾਫ ਥਾਣਾ ਸਮਾਲਸਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਨਾਇਬ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।