'ਸਿੱਖ ਕੌਮ ਨਾਲ ਚੱਟਾਨ ਵਾਂਗ ਖੜ੍ਹੇ ਹਾਂ, ਲੋੜ ਪਈ ਤਾਂ ਬਰਾਬਰ ਕੁਰਬਾਨੀਆਂ ਦੇਵਾਂਗੇ'

10/18/2018 1:03:08 PM

ਜੈਤੋ (ਸਤਵਿੰਦਰ) - ''ਸਿੱਖ ਕੌਮ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਅਤੇ ਜੇ ਲੋੜ ਪਈ ਤਾਂ ਬਰਾਬਰ ਕੁਰਬਾਨੀਆਂ ਦੇਵਾਂਗੇ।'' ਇਸ ਗੱਲ ਦਾ ਪ੍ਰਗਟਾਵਾ ਬਰਗਾੜੀ ਦੀ ਦਾਣਾ ਮੰਡੀ 'ਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ 1 ਜੂਨ, 2018 ਤੋਂ ਲੱਗੇ ਇਨਸਾਫ਼ ਮੋਰਚੇ 'ਚ ਆਪਣਾ ਸਮਰਥਨ ਦੇਣ ਪਹੁੰਚੇ ਮੁਸਲਿਮ ਸੰਘਰਸ਼ ਕਮੇਟੀ ਅਹਿਮਦਗੜ੍ਹ ਦੇ ਇਸਲਾਮ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਕੀਤਾ ਗਿਆ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਕੌਮ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਕਿਉਂਕਿ ਇਹ ਕੌਮ ਇਨਸਾਫ਼ ਲੈਣਾ ਜਾਣਦੀ ਹੈ ਅਤੇ ਹਰ ਸਮੇਂ ਕੁਰਬਾਨੀ ਦੇਣ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੌਮ ਤੇ ਧਰਮ ਸਭ ਤੋਂ ਉੱਪਰ ਹੈ, ਇਸ ਲਈ ਇਨਸਾਫ਼ ਲੈਣ ਲਈ ਲੱਗੇ ਇਸ ਮੋਰਚੇ ਦੀ ਅਸੀਂ ਹਮਾਇਤ ਕਰਦੇ ਹਾਂ।ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਨੂੰ ਕਿਹਾ ਕਿ ਇਨਸਾਫ਼ ਮੋਰਚਾ ਨਿਰੰਤਰ ਜਾਰੀ ਹੈ, ਹਰ ਰੋਜ਼ ਇਸ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਰਾਜਸੀ ਅਤੇ ਸਮਾਜਕ ਜਥੇਬੰਦੀਆਂ ਦੇ ਆਗੂ ਹਾਜ਼ਰੀ ਭਰ ਰਹੇ ਹਨ।ਇਸ ਦੌਰਾਨ ਮੁਸਲਿਮ ਸੰਘਰਸ਼ ਕਮੇਟੀ ਅਹਿਮਦਗੜ੍ਹ ਦੇ ਆਗੂ ਹਾਸ਼ਿਮ ਸੂਫ਼ੀ, ਜਾਸ਼ੀਨ ਲਾਡੂ, ਯਾਸ਼ੀਨ ਐੱਮ. ਸੀ., ਸਿਕੰਦਰ ਅਲੀ, ਰਫ਼ੀ ਮੁਹੰਮਦ, ਅਨਵਰ, ਅਸਲਮ, ਅਹਿਸਾਨ ਆਦਿ ਮੌਜੂਦ ਸਨ ਅਤੇ ਸਟੇਜ ਦੀ ਸੇਵਾ ਭਾਈ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।