ਪੰਜਾਬ ਦੇ ਅਨਮੋਲ ਹੀਰੇ ਮੂਸੇਵਾਲਾ ਦੇ ਕਤਲ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ : ਸਿਮਰਨਜੀਤ ਮਾਨ

06/15/2022 1:12:29 PM

ਤਪਾ ਮੰਡੀ (ਸ਼ਾਮ, ਗਰਗ) - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਸੰਗਰੂਰ ਤੋਂ ਜਿਮਣੀ ਚੋਣ ਲੜ ਰਹੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਪਿਆਰਾ ਲਾਲ ਬਸਤੀ ਦੇ ਲੋਕਾਂ ਵੱਲੋਂ ਲੱਡੂਆਂ ਨਾਲ ਤੋਲਣ ਉਪਰੰਤ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ 8 ਸਾਲਾਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਿਆਂ ਵਿੱਚ ਬੀ.ਐੱਸ.ਐੱਫ. ਦਾ ਘੇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨ ਦੇ ਬਾਵਜੂਦ ਸਰਹੱਦਾਂ ਦੀ ਸੁਰੱਖਿਆ ਨਹੀਂ ਹੈ। 

ਮਾਨ ਨੇ ਕਿਹਾ ਕਿ ਮੁਸ਼ਲਿਮ ਦੇਸ਼ਾਂ ਨਾਲ ਦਿੱਲੀ ਸਰਕਾਰ ਨੂੰ ਚੰਗੇ ਸੰਬੰਧ ਬਣਾਉਣੇ ਚਾਹੀਦੇ ਹਨ ਅਤੇ ਭਾਰਤ-ਪਾਕਿਸਤਾਨ ਬਾਰਡਰ ਨੂੰ ਵਪਾਰ ਲਈ ਖੋਲ੍ਹ ਦੇਣਾ ਚਾਹੀਦਾ ਹੈ। ਇਸ ਦਾ ਵਪਾਰੀ ਵਰਗ ਨੂੰ ਫ਼ਾਇਦਾ ਹੋਵੇਗਾ ਅਤੇ ਵਪਾਰੀਆਂ ਨੂੰ ਭਾਰਤ-ਪਕਿਸਤਾਨ ਬਾਰਡਰ ਖੋਲ੍ਹਣ ਦੀ ਮੰਗ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਵਪਾਰ ਵੀ ਵਧੇਗਾ। ਉਨ੍ਹਾਂ ਪਾਰਲੀਮਾਨੀ ਹਲਕਾ ਸੰਗਰੂਰ ਦੇ ਲੋਕਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਚੋਣ ਜਿਤਾਕੇ ਪਾਰਲੀਮੈਂਟ ‘ਚ ਭੇਜਿਆ ਜਾਵੇ ਤਾਂ ਕਿ ਉਹ ਉਥੇ ਜਾਕੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਆਵਾਜ ਬੁਲੰਦ ਕਰ ਸਕੇ। 

ਉਨ੍ਹਾਂ ਇੱਕ ਪ੍ਰਸ਼ਨ ਦਾ ਉਤਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਅਨਮੋਲ ਹੀਰੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਪੰਜਾਬ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹਨ, ਕਿਉਂਕਿ ਕੇਂਦਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਕਰਨ ਲਈ ਪੰਜਾਬ ਸਰਕਾਰ ’ਤੇ ਕੋਈ ਜੋਰ ਨਹੀਂ ਪਾਇਆ ਅਤੇ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਨੂੰ ਮਿਲਣ ਵਾਸੀ ਮਾਮੂਲੀ ਸੁਰੱਖਿਆ ਨੂੰ ਵਾਪਸ ਲੈ ਲਿਆ ਸੀ ਅਤੇ ਮੂਸੇਵਾਲੇ ਨੂੰ ਗੈਗਸਟਰਾਂ ਦੇ ਅੱਗੇ ਸੁੱਟ ਦਿੱਤਾ। ਇਸ ਮੌਕੇ ਅਜੈਬ ਸਿੰਘ ਭੈਣੀ ਫੱਤਾ ਜ਼ਿਲ੍ਹਾ ਮੀਤ ਪ੍ਰਧਾਨ, ਨੰਦ ਸਿੰਘ ਕਾਹਨੇਕੇ, ਸਰਪੰਚ ਸੁਖਪਾਲ ਸਿੰਘ ਛੰਨਾ, ਹਰਪਾਲ ਸਿੰਘ ਖੁਸਾ, ਲਖਵੀਰ ਸਿੰਘ ਤਪਾ, ਬਿਲਲੂ ਸਿੰਘ ਤਪਾ, ਗੋਰਾ ਸਿੰਘ ਤਾਜੋ ਆਦਿ ਹਾਜ਼ਰ ਸਨ।


rajwinder kaur

Content Editor

Related News