ਪਤਨੀ ਤੇ ਬੇਟੀ ਦੇ ਕਾਤਲ ਨੇ ਟਰੇਨ 'ਚੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

02/13/2020 7:01:31 PM

ਫਤਿਹਗੜ੍ਹ ਸਾਹਿਬ, (ਜੱਜੀ)— ਪੱਛਮੀ ਬੰਗਾਲ ਪੁਲਸ ਵੱਲੋਂ ਜੰਮੂ ਤੋਂ ਗ੍ਰਿਫਤਾਰ ਕੀਤੇ ਗਏ ਪਤਨੀ ਤੇ ਬੱਚੀ ਦੇ ਕਾਤਲ ਵਿਅਕਤੀ ਦੀ ਸਰਹਿੰਦ ਨੇੜੇ ਟਰੇਨ 'ਚੋਂ ਛਾਲ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਰੇਲਵੇ ਪੁਲਸ ਸਰਹਿੰਦ ਦੇ ਐਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਇਸਲਾਮਪੁਰ (ਪੱਛਮੀ ਬੰਗਾਲ) ਵਿਖੇ ਪੁਲਸ ਨੇ ਬੀਤੀ 30 ਜਨਵਰੀ ਨੂੰ ਅਕਬਰ ਅਲੀ ਪੁੱਤਰ ਪਸੀਰ ਵਾਸੀ ਹੋਲੋਗਚ ਥਾਣਾ ਇਸਲਾਮਪੁਰ (ਪੱਛਮੀ ਬੰਗਾਲ) ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਅਕਬਰ ਅਲੀ ਤੇ ਉਸਦੀ ਪਤਨੀ ਨੂਰਜਹਾ ਅਤੇ ਡੇਢ ਮਹੀਨੇ ਦੀ ਬੇਟੀ ਨੂੰ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਪਿੰਟੂ ਬਰਮਨ ਨੇ ਅਕਬਰ ਅਲੀ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਹ ਉਸਨੂੰ ਵਾਪਸ ਇਸਲਾਮਪੁਰ ਟਰੇਨ ਰਾਹੀਂ ਲਿਜਾ ਰਿਹਾ ਸੀ ਕਿ ਸਰਹਿੰਦ ਨੇੜੇ ਅਕਬਰ ਅਲੀ ਨੇ ਟਰੇਨ 'ਚੋਂ ਛਾਲ ਮਾਰ ਦਿੱਤੀ ਤੇ ਉਸਦੀ ਮੌਤ ਹੋ ਗਈ। ਜਿਸ ਦੌਰਾਨ ਥਾਣਾ ਸਰਹਿੰਦ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 224 ਦੇ ਤਹਿਤ ਮਾਮਲਾ ਦਰਜ ਕਰਕੇ ਅਕਬਰ ਅਲੀ ਦੀ ਲਾਸ਼ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੌਰਚਰੀ ਰੂਮ ਵਿਚ ਰੱਖਵਾ ਦਿੱਤਾ ਹੈ। ਫਤਿਹਗੜ੍ਹ ਸਾਹਿਬ ਅਦਲਾਤ ਦੇ ਮਾਣਯੋਗ ਜੱਜ ਸਾਹਿਬ ਨੇ ਹੁਕਮ ਕੀਤੇ ਹਨ ਕਿ ਅਕਬਰ ਅਲੀ ਦੇ ਪਰਿਵਾਰਕ ਮੈਂਬਰ ਸਰਹਿੰਦ ਆਉਣ ਤੇ ਡਾਕਟਰਾਂ ਦੀ ਟੀਮ ਦਾ ਬੋਰਡ ਬਣਾ ਕੇ ਅਕਬਰ ਅਲੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਸਬ ਇੰਸਪੈਕਟਰ ਪਿੰਟੂ ਬਰਮਨ ਇੰਚਰਾਜ ਪੁਲਸ ਚੌਕੀ ਰਮਾਗੰਜ (ਪੱਛਮੀ ਬੰਗਾਲ) ਨੇ ਦੱਸਿਆ ਕਿ ਅਕਬਰ ਅਲੀ ਪੁੱਤਰ ਪਸੀਰ ਵਾਸੀ ਹੋਲੋਗਚ ਥਾਣਾ ਇਸਲਾਮਪੁਰ (ਪੱਛਮੀ ਬੰਗਾਲ) ਨੂੰ ਜੰਮੂ ਤੋਂ ਗ੍ਰਿਫਤਾਰ ਕਰਕੇ ਟਰੇਨ ਰਾਹੀਂ ਲਿਜਾ ਰਹੇ ਸੀ ਕਿ ਅਕਬਰ ਅਲੀ ਨੇ ਕਿਹਾ ਕਿ ਉਸਨੇ ਬਾਥਰੂਮ ਜਾਣਾ ਹੈ। ਇਸ ਦੌਰਾਨ ਸਿਪਾਹੀ ਸੂਰਜ ਲਿਪਛਾ ਉਸਨੂੰ ਬਾਥਰੂਮ ਲੈ ਗਏ, ਅਕਬਰ ਅਲੀ ਨੂੰ ਇਕ ਸੰਗਲੀ ਨਾਲ ਫੜਿਆ ਹੋਇਆ ਸੀ, ਉਸ ਨੂੰ ਬਾਥਰੂਮ 'ਚ ਭੇਜ ਕੇ ਦਰਵਾਜ਼ਾ ਥੋੜਾ ਜਿਹਾ ਖੁੱਲਾ ਰੱਖਿਆ ਤੇ ਬਾਹਰ ਸੰਗਲੀ ਵੀ ਸੂਰਜ ਲਿਪਛਾ ਨੇ ਫੜਕੇ ਰੱਖੀ ਹੋਈ ਸੀ। ਟਰੇਨ ਪੁਰੀ ਰਫਤਾਰ ਨਾਲ ਚੱਲ ਰਹੀ ਸੀ ਕਿ ਅਕਬਰ ਅਲੀ ਨੇ ਝਟਕਾ ਮਾਰ ਕੇ ਸੰਗਲੀ ਛੁੜਵਾ ਲਈ ਅਤੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਪੁਲਸ ਨੇ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤੇ ਕੁਝ ਦੇਰ 'ਚ ਟਰੇਨ ਦੇ ਮਕੈਨਿਕ ਨੂੰ ਬੁਲਾ ਕੇ ਬਾਥਰੂਮ ਦੇ ਦਰਵਾਜ਼ੇ ਦਾ ਲੌਕ ਪੁੱਟਿਆ ਅਤੇ ਦੇਖਿਆ ਕਿ ਅੰਦਰ ਅਕਬਰ ਅਲੀ ਨਹੀ ਸੀ। ਅਕਬਰ ਅਲੀ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਟਰੇਨ 'ਚੋਂ ਫਰਾਰ ਹੋ ਚੁੱਕਾ ਸੀ। ਟਰੇਨ ਦੀ ਚੈਨ ਖਿੱਚੀ ਪਰ ਟਰੇਨ ਨਹੀਂ ਰੁਕੀ।

KamalJeet Singh

This news is Content Editor KamalJeet Singh