ਪਤਨੀ ਸਣੇ ਸਹੁਰੇ ਪਰਿਵਾਰ ਦੀ ਹੱਤਿਆ ਕਰਨ ਵਾਲਾ ਹੈੱਡ ਕਾਂਸਟੇਬਲ ਇਕ ਦਿਨ ਦੇ ਰਿਮਾਂਡ 'ਤੇ

02/21/2020 12:55:25 PM

ਮੋਗਾ (ਸੰਦੀਪ ਸ਼ਰਮਾ): ਫੋਕਲ ਪੁਆਇੰਟ ਪੁਲਸ ਟੀਮ ਵੀਰਵਾਰ ਦੇ ਦਿਨ ਆਪਣੇ ਸਹੁਰੇ ਪਰਿਵਾਰ ਦੀ ਹੱਤਿਆ ਕਰਨ ਵਾਲੇ ਦੋਸ਼ੀ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਨੂੰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਮੋਗਾ ਲਿਆ ਕੇ ਪੁੱਜੀ। ਦੋਸ਼ੀ ਨੂੰ ਪੁਲਸ ਲਾਈਨ ਤੋਂ ਏਕੇ47 ਰਾਈਫਲ ਚੋਰੀ ਕਰਨ ਦੇ ਮਾਮਲੇ 'ਚ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਮੋਗਾ ਲਿਆਂਦਾ ਗਿਆ ਹੈ, ਜਿਥੇ ਸੀ. ਜੇ. ਐੱਮ. ਮੈਡਮ ਅਮਨਦੀਪ ਕੌਰ ਦੀ ਅਦਾਲਤ ਨੇ ਦੋਸ਼ੀ ਹੈੱਡ ਕਾਂਸਟੇਬਲ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ 16 ਫਰਵਰੀ ਦੀ ਸਵੇਰੇ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਨੇ ਜ਼ਮੀਨੀ ਵਿਵਾਦ ਦੇ ਚੱਲਦੇ ਸਰਕਾਰੀ ਏਕੇ 47 ਤੋਂ ਪਿੰਡ ਸੇਦਪੁਰਾ ਜਲਾਲ 'ਚ ਜਾ ਕੇ ਆਪਣੇ ਸਹੁਰੇ ਪਰਿਵਾਰ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਸੀ, ਇਸ ਦੌਰਾਨ ਮੋਗਾ ਪੁਲਸ ਨੇ ਥਾਣਾ ਸਿਟੀ 'ਚ ਦੋਸ਼ੀ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਖਿਲਾਫ ਪੁਲਸ ਲਾਈਨ ਦੇ ਕੋਤ ਰੂਮ ਇੰਚਾਰਜ ਹੌਲਦਾਰ ਬਲਬੀਰ ਸਿੰਘ ਦੇ ਬਿਆਨ 'ਤੇ ਪੁਲਸ ਲਾਈਨ ਤੋਂ ਏਕੇ 47 ਰਾਈਫਲ ਅਤੇ 75 ਜਿੰਦਾ ਕਾਰਤੂਸ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਸੀ, ਜਿਸ 'ਚ ਹੁਣ ਮੋਗਾ ਪੁਲਸ ਵੱਲੋਂ ਦੋਸ਼ੀ ਨੂੰ ਫਰੀਦਕੋਟ ਜੇਲ੍ਹ ਤੋਂ ਇਸ ਮਾਮਲੇ ਸਬੰਧੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ।

ਇਸ ਦੀ ਪੁਸ਼ਟੀ ਐੱਸ. ਪੀ. ਡੀ. ਹਰਿੰਦਰਪਾਲ ਸਿੰਘ ਪਰਮਾਰ ਨੇ ਕੀਤੀ ਹੈ। ਇਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਰਿਮਾਂਡ ਦੌਰਾਨ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਤੋਂ ਪੁੱਛਿਆ ਜਾਵੇਗਾ ਕਿ ਕਿਸ ਤਰ੍ਹਾਂ ਨਾਲ ਉਸਨੇ ਏਕੇ 47 ਰਾਈਫਲ ਅਤੇ ਕਾਰਤੂਸ ਚੋਰੀ ਕੀਤੇ ਅਤੇ ਕੀ ਉਸ 'ਚ ਉਸਦੀ ਕਿਸੇ ਮੁਲਾਜ਼ਮ ਨੇ ਮਦਦ ਕੀਤੀ ਸੀ। ਕਾਬਿਲੈ ਗੌਰ ਹੈ ਕਿ ਦੋਸ਼ੀ ਕੁਲਵਿੰਦਰ ਸਿੰਘ ਖਿਲਾਫ ਰਾਈਫਲ ਚੋਰੀ ਕਰਨ ਦਾ ਮਾਮਲਾ ਦਰਜ ਕਰਨ ਦੇ ਨਾਲ-ਨਾਲ ਐੱਸ. ਐੱਸ. ਪੀ. ਹਰਮਨਵੀਰ ਸਿੰਘ ਗਿੱਲ ਦੇ ਆਦੇਸ਼ਾਂ 'ਤੇ ਪੁਲਸ ਲਾਈਨ ਦੇ ਕੋਤ ਰੂਮ ਦੇ ਮੌਜੂਦਾ ਇੰਚਾਰਜ ਹੌਲਦਾਰ ਬਲਬੀਰ ਸਿੰਘ ਨੂੰ ਵੀ ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਗਿਆ ਸੀ।


Shyna

Content Editor

Related News