ਕਤਲ ਦੇ ਦੋਸ਼ੀ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਹੋਈ ਫਾਇਰਿੰਗ

06/15/2022 3:43:22 PM

ਫਿਰੋਜ਼ਪੁਰ (ਕੁਮਾਰ) - ਕਤਲ ਦੇ ਇੱਕ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੀ ਪੁਲਸ ਪਾਰਟੀ ’ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਦੀ ਪੁਲਸ ਨੇ ਏ.ਐੱਸ.ਆਈ ਰਾਜੇਸ਼ ਕੁਮਾਰ ਦੇ ਬਿਆਨਾਂ ’ਤੇ ਮੁਲਜ਼ਮ ਭਗੌੜੇ ਬਲਜੀਤ ਸਿੰਘ ਉਰਫ਼ ਸੁੱਖਾ ਬਾਬਾ ਮੱਬੋ ਕੇ, ਰਵੀ ਪੁੱਤਰ ਮੰਗਤ ਵਾਸੀ ਬਾਨੋ ਵਾਲਾ ਵੇਹੜਾ ਬਸਤੀ ਭੱਟੀਆਂ ਵਾਲਾ, ਮੋਹਿਤ ਗਿੱਲ ਅਤੇ ਯੁਵਰਾਜ ਗਿੱਲ ਵਾਸੀ ਪਿੰਡ ਬੱਗੇ ਕੇ ਪਿੱਪਲ ਖਿਲਾਫ਼ ਆਈ.ਪੀ.ਸੀ. ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਐੱਸ.ਆਈ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਸੀ.ਆਈ.ਏ ਦੀ ਪੁਲਸ ਪਾਰਟੀ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਫਾਟਕ ਬਸਤੀ ਭੱਟੀਆਂ ਏਰੀਏ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਥਾਣਾ ਮਮਦੋਟ ਵਿੱਚ ਕਤਲ ਦੇ ਦਰਜ ਕੀਤੇ ਮੁਕੱਦਮਾ ਨੰਬਰ 42/2002 ਵਿੱਚ ਭਗੌੜਾ ਕਾਤਲ ਬਲਜੀਤ ਸਿੰਘ ਉਰਫ ਸੁੱਖਾ ਬਾਬਾ ਇਸ ਸਮੇਂ ਆਪਣੇ ਸਾਥੀ ਰਵੀ ਕੋਲ ਰੁਕਿਆ ਹੋਇਆ ਹੈ। ਭਗੌੜਾ ਕਿਸੇ ਹੋਰ ਥਾਂ ’ਤੇ ਜਾਣ ਦੀ ਤਿਆਰੀ ਕਰ ਰਿਹਾ ਹੈ ਅਤੇ ਉਸਦੇ ਕੋਲ ਨਾਜਾਇਜ਼ ਹਥਿਆਰ ਵੀ ਹੈ। 

ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਰਵੀ ਦੇ ਘਰ ਰੇਡ ਮਾਰੀ ਤਾਂ ਪੁਲਸ ਨੂੰ ਦੇਖ ਸੁੱਖਾ ਬਾਬਾ ਨੇ ਆਪਣੇ ਰਿਵਾਲਵਰ ਨਾਲ ਪੁਲਸ ਪਾਰਟੀ ’ਤੇ ਫਾਇਰ ਕਰ ਦਿੱਤਾ। ਰਾਜੇਸ਼ ਕੁਮਾਰ ਨੇ ਦਰਵਾਜ਼ੇ ਦੇ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ। ਉਸਨੇ ਸਰਵਿਸ ਰਿਵਾਲਵਰ ਨਾਲ ਆਪਣੇ ਬਚਾਅ ਲਈ ਫਾਇਰ ਕੀਤੇ। ਬਲਜੀਤ ਸਿੰਘ ਉਰਫ਼ ਸੁੱਖਾ ਬਾਬਾ ਅਤੇ ਰਵੀ ਹਥਿਆਰਾਂ ਸਮੇਤ ਘਰ ਦੀ ਛੱਤ ’ਤੇ ਚੜ੍ਹ ਗਏ, ਜਿਨ੍ਹਾਂ ਦਾ ਪੁਲਸ ਵੱਲੋਂ ਪਿੱਛਾ ਕੀਤਾ ਗਿਆ। ਜਦ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਬਲਜੀਤ ਸਿੰਘ ਨੇ ਫਿਰ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਸ ’ਤੇ ਸਿੱਧੀ ਗੋਲੀ ਚਲਾ ਦਿੱਤੀ ਅਤੇ ਫ਼ਰਾਰ ਹੋ ਗਿਆ। 

ਪੁਲਸ ਪਾਰਟੀ ਵਲੋਂ ਤਲਾਸ਼ੀ ਲੈਣ ’ਤੇ ਪਤਾ ਲੱਗਾ ਕਿ ਬਲਜੀਤ ਸਿੰਘ ਅਤੇ ਰਵੀ ਨੂੰ ਨਾਮਜ਼ਦ ਵਿਅਕਤੀ ਮੋਹਿਤ ਅਤੇ ਯੁਵਰਾਜ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਉੱਥੋਂ ਫ਼ਰਾਰ ਹੋ ਗਏ। ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


rajwinder kaur

Content Editor

Related News