ਨਗਰ ਕੌਂਸਲ ਤਪਾ ਦੇ ਚੋਣ ਮੈਦਾਨ ਅੰਦਰ ਕਾਂਗਰਸੀਆਂ ਨੂੰ ਆਪਣੇ ਹੀ ਦੇਣ ਲੱਗੇ ਚੁਣੋਤੀਆਂ

01/23/2021 5:40:29 PM

ਤਪਾ ਮੰਡੀ (ਸ਼ਾਮ,ਗਰਗ): ਨਗਰ ਕੌਂਸਲ ਚੋਣਾਂ ’ਚ ਕਾਂਗਰਸ ਦੇ ਵਰਕਰਾਂ ਦੀ ਫੁੱਟ ਖੁੱਲ੍ਹ੍ਹਕੇ ਸਾਹਮਣੇ ਆ ਰਹੀ ਹੈ। ਇਹ ਫੁੱਟ ਉਸ ਸਮੇਂ ਜੱਗ-ਜਾਹਰ ਹੋਈ ਜਦੋਂ ਕਾਂਗਰਸ ਦੇ ਮੌਜੂਦਾ ਸ਼ਹਿਰੀ ਪ੍ਰਧਾਨ ਰਾਹੁਲ ਭਾਗਾਂ ਅਤੇ ਸਾਬਕਾ ਸਿਟੀ ਪ੍ਰਧਾਨ ਨਰਿੰਦਰ ਨਿੰਦੀ ਨੇ ਇੱਕ ਬਕਾਇਦਾ ਪ੍ਰੈੱਸ ਕਾਨਫਰੰਸ ’ਚ ਕਾਂਗਰਸ ਦੀ ਸਥਾਨਕ ਪ੍ਰਭਾਵੀ ਸਮਝੀ ਲੀਡਰਸ਼ਿਪ ਤੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਹ ਲੀਡਰਸ਼ਿਪ ਸ਼ਹਿਰ ’ਚ ਸਿਰਫ਼ ਤਿੰਨ ਪਰਿਵਾਰਾਂ ਨੂੰ ਹੀ ਕਾਂਗਰਸੀ ਸਮਝਦੀ ਹੈ ਜਦਕਿ ਅਸੀਂ ਪਾਰਟੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਦੇ ਨਾਲ-ਨਾਲ ਆਪਣੇ ਆਪ ਨੂੰ ਆਰਥਿਕ ਪੱਖੋਂ ਵੀ ਘਾਟਾ ਪਾਇਆ ਹੈ, ਪਰ ਸਾਡੀ ਸਥਾਨਕ ਪੁਲਸ ਥਾਣੇ ਤੱਕ ਵੀ ਪਾਰਟੀ ਵੱਲੋਂ ਪਹੁੰਚ ਨਹੀ ਕਰਵਾਈ ਗਈ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਪਣੇ ਆਪ ਨੂੰ ਪਾਰਟੀ ਹਾਈਕਮਾਂਡ ਵੱਲੋਂ ਥਾਪੜਾ ਮਿਲਣ ਦੀ ਗੱਲ ਕਰਨ ਵਾਲੀ ਲੀਡਰ ਟਕਸਾਲੀ ਕਾਂਗਰਸੀਆਂ ਨੂੰ ਭੁੱਲ ਕੇ ਆਪਣੇ ਨਿੱਜੀ ਲੋਕਾਂ ਨੂੰ ਫਾਇਦਾ ਪਹੁੰਚਾ ਰਹੀ ਹੈ। ਆਪਣੇ ਵਾਰਡ ਵਿੱਚੋਂ ਬੀਤੇ ਸਮੇਂ ਵੱਡੀ ਲੀਡ ਨਾਲ ਨਗਰ ਕੌਂਸਲਰ ਚੋਣਾਂ ਜਿੱਤਣ ਵਾਲੇ ਟਕਸਾਲੀ ਆਗੂਆਂ ਨੂੰ ਇਸ ਤਰ੍ਹਾਂ ਅੱਖੋ-ਪਰੋਖੇ ਕਰਨਾ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਨੂੰ ਭੁਗਤਣਾ ਪਵੇਗਾ ਕਿਉਂਕਿ ਹਲਕਾ ਭਦੌੜ ਤੋਂ ਵਿਧਾਨ ਸਭਾ ਚੋਣ ਜਿੱਤਣ ਵਾਲੇ ਜਨਾਬ ਮੁਹੰਮਦ ਸਦੀਕ ਨੂੰ ਚੋਣ ਜਿਤਾਉਣ ਵਿੱਚ ਅਤੇ ਲੋਕ ਸਭਾ ਚੋਣਾਂ ਸਮੇਂ ਢਿਲੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਵਾਲੇ ਇਨ੍ਹਾਂ ਟਕਸਾਲੀ ਆਗੂਆਂ ਨੂੰ ਜਦੋਂ ਅੱਜ ਪਾਰਟੀ ਦੀ ਲੀਡਰਸ਼ਿਪ ਦੀ ਲੋੜ ਸੀ ਤਾਂ ਅੱਜ ਉਹ ਇਨ੍ਹਾਂ ਤੋਂ ਮੂੰਹ ਮੋੜਕੇ ਖੜ੍ਹ ਗਏ ਅਤੇ ਕਾਂਗਰਸੀਆਂ ਨੂੰ ਕਾਂਗਰਸੀਆਂ ਨਾਲ ਚੋਣ ਲੜਨ ਲਈ ਮਜ਼ਬੂਰ ਕਰਕੇ ਵਿਰੋਧੀ ਪਾਰਟੀਆਂ ਨੂੰ ਫਾਇਦਾ ਪਹੁੰਚਾ ਰਹੇ ਹਨ। ਇਹ ਲੀਡਰ ਭੁੱਲ ਰਹੀ ਹੈ ਕਿ ਅਸੀ ਤਾਂ ਆਪਣੀਆਂ ਚੋਣਾਂ ਤਾਂ ਆਪਣੇ ਬਲਬੂਤੇ ਤੇ ਲੜਕੇ ਜਿੱਤ ਲਵਾਂਗੇ,ਪਰ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ ਲੀਡਰਾਂ ਨੂੰ ਨੱਕੀ ਚਣੇ ਚਬਾ ਦੇਵਾਂਗੇ।

ਉਨ੍ਹਾਂ ਕਿਹਾ ਕਿ ਇਸ ਨੂੰ ਅਸੀ ਲੋਕਲ ਲੀਡਰਸ਼ਿਪ ਦੀ ਨਾਕਾਮੀ ਕਹਾਂਗੇ। ਮੰਡੀ ਦੇ ਦੋ ਵਾਰਡ ਅਜਿਹੇ ਹਨ ਜਿਨ੍ਹਾਂ ਵਿੱਚ ਕਾਂਗਰਸ ਨੂੰ ਕੋਈ ਉਮੀਦਵਾਰ ਹੀ ਨਹੀ ਮਿਲ ਰਿਹਾ ਹੈ ਪਰ ਜੇਕਰ ਇਨ੍ਹਾਂ ਆਗੂਆਂ ਵਿੱਚ ਇੰਨੀ ਹਿੰਮਤ ਹੈ ਤਾਂ ਉਹ ਇਨ੍ਹਾਂ ਵਾਰਡਾਂ ਵਿੱਚ ਖ਼ੁਦ ਜਾਂ ਪਰਿਵਾਰਿਕ ਮੈਂਬਰ ਚੋਣ ਲੜਕੇ ਦੇਖ ਲੈਣਗੇ। ਜਦੋਂ ਇਸ ਸੰਬੰਧੀ ਲੋਕਲ ਲੀਡਰਸ਼ਿਪ ਨਾਲ ਰਾਬਤਾ ਕਰਕੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸਾਡੇ ਵਲੋਂ ਇਹ ਪੇਸ਼ਕਸ਼ ਕੀਤੀ ਗਈ ਸੀ ਕਿ ਉਹ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜਨ ਪਰ ਉਨ੍ਹਾਂ ਵੱਲੋਂ ਜਵਾਬ ਮਿਲਣ ਤੇ ਸਾਡੇ ਵੱਲੋਂ ਪਾਰਟੀ ਵਰਕਰਾਂ ਨੂੰ ਹੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਪ੍ਰੀਤਮ ਸਿੰਘ,ਵਿਨੋਦ ਗੋਗੀ ਬਾਂਸਲ,ਰੋਹਿਤ ਕੁਮਾਰ ਆਦਿ ਹਾਜ਼ਰ ਸਨ।


Shyna

Content Editor

Related News