ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਬਾਹਰ ਨਿਗਮ ਨਿਗਮ ਨੇ ਹਟਾਏ ਨਾਜਾਇਜ਼ ਕਬਜ਼ੇ

01/22/2020 5:59:14 PM

ਪਟਿਆਲਾ (ਬਲਜਿੰਦਰ,ਬਖਸ਼ੀ): ਨਗਰ ਨਿਗਮ ਦੀ ਲੈਂਡ ਬ੍ਰਾਂਚ ਦੀ ਟੀਮ ਨੇ ਅੱਜ ਇੰਸਪੈਕਟਰ ਰਵਿੰਦਰ ਸਿੰਘ ਟੈਨੀ ਦੀ ਅਗਵਾਈ ਹੇਠ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਾਹਰ ਕੈਮਿਸਟ ਦੀਆਂ ਦੁਕਾਨਾਂ ਵਲੋਂ ਜਿਹੜੇ ਦੂਰ ਤੱਕ ਟੈਂਟ ਲਾ ਕੇ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ਨੂੰ ਹਟਾਇਆ ਗਿਆ। ਨਿਗਮ ਦੀ ਟੀਮ ਵਲੋਂ ਇਕ ਦਰਜਨ ਤੋਂ ਜ਼ਿਆਦਾ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਹੀ ਉਹ ਕਬਜ਼ੇ ਹਟਵਾ ਦਿੱਤੇ। ਇਸੇ ਦੌਰਾਨ ਜਦੋਂ ਕਾਰਵਾਈ ਸਿਰਫ ਕੈਮਿਸਟਾਂ ਤੱਕ ਸੀਮਤ ਰਹਿ ਗਈ ਤਾਂ ਇਕੱਠੇ ਹੋਏ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਾਰਵਾਈ ਕਰਨੀ ਹੈ ਤਾਂ ਸਾਰਿਆਂ 'ਤੇ ਕੀਤੀ ਜਾਵੇ ਤਾਂ ਫਿਰ ਸੜਕ 'ਤੇ ਬਣੇ ਖੋਖੇ, ਢਾਬੇ ਕਿਉਂ ਨਹੀਂ ਹਟਾਏ ਜਾ ਰਹੇ। ਮੌਕੇ 'ਤੇ ਪਹੁੰਚੀ ਨਗਰ ਨਿਗਮ ਦੀ ਟੀਮ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੱਜ ਨਾਜਾਇਜ਼ ਕਬਜ਼ੇ ਹਟਾਉਣ ਦਾ ਪਹਿਲਾ ਫੇਜ਼ ਸੀ, ਦੂਜੇ ਫੇਜ਼ 'ਚ ਸਮੁੱਚੇ ਕਬਜ਼ਿਆਂ ਨੂੰ ਹਟਾ ਦਿੱਤਾ ਜਾਵੇਗਾ।

ਇਸ ਦੇ ਬਾਵਜੂਦ ਵੀ ਦੁਕਾਨਦਾਰਾਂ ਵਲੋਂ ਵਿਰੋਧ ਜਾਰੀ ਰੱਖਿਆ ਗਿਆ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਰੋਡ ਜਾਮ ਕਰ ਦਿੱਤਾ ਅਤੇ ਨਗਰ ਨਿਗਮ ਦੇ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਮਾਮਲਾ ਜ਼ਿਆਦਾ ਗਰਮਾਉਂਦਾ ਦੇਖ ਨਿਗਮ ਦੀ ਟੀਮ ਮੌਕੇ ਤੋਂ ਚਲੀ ਗਈ ਤੇ ਉਸ ਤੋਂ ਬਾਅਦ ਦੁਕਾਨਦਾਰਾਂ ਵਲੋਂ ਵੀ ਧਰਨਾ ਚੁੱਕ ਲਿਆ ਗਿਆ। ਦੁਕਾਨਦਾਰਾਂ ਨੇ ਨਿਗਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਕਰਨੀ ਹੈ ਤਾਂ ਸਾਰੀਆਂ ਦੁਕਾਨਾਂ 'ਤੇ ਇਕ ਬਰਾਬਰ ਕੀਤੀ ਜਾਵੇ, ਉਹ ਇਸ ਤਰ੍ਹਾਂ ਇਕ ਪਾਸੜ ਕਾਰਵਾਈ ਕਿਸੇ ਵੀ ਕੀਮਤ 'ਤੇ ਨਹੀਂ ਹੋਣਗੇ। ਇਥੇ ਦੱਸਣਯੋਗ ਹੈ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਾਹਰ ਸੰਗਰੂਰ ਰੋਡ 'ਤੇ ਬਣੀਆਂ ਕੈਮਿਸਟ ਦੀਆਂ ਦੁਕਾਨਾਂ ਵਲੋਂ ਵੱਡੇ ਬਾਦਰੇ ਕੱਢ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ। ਸੰਗਰੂਰ ਰੋਡ 'ਤੇ ਹੀ ਢਾਬੇ ਤੇ ਖੋਖੇ ਜਿਹੜੇ ਕਿ ਵੱਡੀ ਮਾਤਰਾ ਵਿਚ ਨਾਜਾਇਜ਼ ਤੌਰ 'ਤੇ ਰੱਖੇ ਹੋਏ ਹਨ, ਉਸ ਦੇ ਕਾਰਨ ਉਥੇ ਟ੍ਰੈਫਿਕ ਦੀ ਸਮੱਸਿਆ ਆਮ ਤੌਰ 'ਤੇ ਬਣੀ ਰਹਿੰਦੀ ਹੈ ਤੇ ਸਟੇਟ ਹਾਈਵੇ ਹੋਣ ਦੇ ਕਾਰਨ ਉਥੇ ਵਾਹਨ ਬੜੀ ਤੇਜੀ ਨਾਲ ਆਉਂਦੇ ਜਾਂਦੇ ਹਨ। ਨਗਰ ਨਿਗਮ ਵਲੋਂ ਸ਼ਹਿਰ ਵਿਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਕਮਿਸ਼ਨਰ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰੀ ਰਜਿੰਦਰਾ ਹਸਪਤਾਲ ਦੇ ਦੋਵੇਂ ਪਾਸੇ ਤੋਂ ਯਾਨੀ ਸੰਗਰੂਰ ਰੋਡ ਅਤੇ ਬਡੂੰਗਰ ਰੋਡ ਤੋਂ ਕਈ ਵਾਰ ਨਜਾਇਜ਼ ਕਬਜ਼ੇ ਹਟਾਏ ਗਏ ਪਰ ਨਿਗਮ ਟੀਮ ਜਾਣ ਤੋਂ ਬਾਅਦ ਫਿਰ ਤੋਂ ਸਥਿਤੀ ਪਹਿਲਾਂ ਵਾਲੀ ਯਾਨੀ ਦੁਕਾਨਦਾਰਾਂ ਵਲੋਂ ਫਿਰ ਤੋਂ ਕਬਜ਼ੇ ਕਰ ਲਏ ਜਾਂਦੇ ਹਨ।

Shyna

This news is Content Editor Shyna