ਵੀਕਐਂਡ ਲਾਕਡਾਊਨ ''ਤੇ ਸ੍ਰੀ ਮੁਕਤਸਰ ਸਾਹਿਬ ਰਿਹਾ ਮੁਕੰਮਲ ਬੰਦ, ਕੋਰੋਨਾ ਦੇ ਚੱਲਦਿਆਂ ਲੋਕਾਂ ''ਚ ਵੱਧ ਰਿਹੈ ਡਰ

09/06/2020 3:58:53 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) - ਕੋਵਿਡ-19 ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਅੰਦਰ ਹਰ ਹਫ਼ਤੇ ਦੇ ਅਖ਼ੀਰਲੇ ਦੋ ਦਿਨ ਲਾਗੂ ਕੀਤੇ ਗਏ ਵੀਕਐਂਡ ਲਾਕਡਾਊਨ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਮੁਕੰਮਲ ਤੌਰ 'ਤੇ ਬੰਦ ਰਿਹਾ। ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਪੁਲਸ ਟੀਮਾਂ ਵੱਲੋਂ ਸਵੇਰ ਵੇਲੇ ਤੋਂ ਹੀ ਸ਼ਹਿਰ ਭਰ ਅੰਦਰ ਗਸ਼ਤ ਕੀਤੀ ਗਈ ਤੇ ਸ਼ਹਿਰ ਦੇ ਬਾਹਰੀ ਰਸਤਿਆਂ 'ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਵੀ ਕੀਤੀ ਜਾਂਦੀ ਰਹੀ। ਵੀਕਐਂਡ ਲਾਕਡਾਊਨ ਦੇ  ਚੱਲਦਿਆਂ ਸ਼ਹਿਰ ਭਾਂਅ-ਭਾਂਅ ਕਰਦਾ ਰਿਹਾ, ਜਦੋਂਕਿ ਲੋਕਾਂ ਦੀ ਆਮਦ ਸੜਕਾਂ 'ਤੇ ਵੀ ਨਾ ਦੇ ਬਰਾਬਰ ਦਿਖਾਈ ਦਿੱਤੀ। ਸਿਰਫ਼ ਜਰੂਰੀ ਕੰਮਾਂ, ਐਮਰਜੈਂਸੀ ਹਾਲਾਤਾਂ ਵਿਚ ਲੋਕ ਘਰਾਂ ਤੋਂ ਬਾਹਰ ਨਿਕਲੇ, ਜਦੋਂਕਿ ਦੇਰ ਸ਼ਾਮ ਤੱਕ ਸ਼ਹਿਰ ਵਿਚ ਸੁੰਨ ਪੱਸਰੀ ਰਹੀ। ਉਥੇ ਹੀ ਪੁਲਸ ਟੀਮਾਂ ਵੱਲੋਂ ਗਸ਼ਤ ਦੌਰਾਨ ਲੋਕਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਸੁੰਨ ਪੱਸਰੀ ਸੀ ਤੇ ਪੁਲਸ ਟੀਮਾਂ ਗਸ਼ਤ ਕਰ ਰਹੀਆਂ ਸਨ।

ਜ਼ਿਲ੍ਹੇ 'ਚ ਕੋਰੋਨਾ ਦੇ ਪ੍ਰਭਾਵ ਦਾ ਲੋਕਾਂ 'ਚ ਪਾਇਆ ਜਾ ਰਿਹੈ ਡਰ

ਪੂਰੇ ਸੂਬੇ ਵਾਂਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਵੀ ਕੋਰੋਨਾ ਦਾ ਕਹਿਰ ਤੇਜ਼ ਹੋ ਰਿਹਾ ਹੈ। ਆਏ ਦਿਨ ਜ਼ਿਲ੍ਹੇ ਅੰਦਰ ਦਰਜਨਾਂ ਦੀ ਤਾਦਾਦ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈ ਕੇ ਹੁਣ ਲੋਕਾਂ ਅੰਦਰ ਡਰ ਪਾਇਆ ਜਾਣ ਲੱਗਾ ਹੈ। ਲੋਕ ਹੁਣ ਕੋਵਿਡ-19 ਹਦਾਇਤਾਂ ਦੀ ਪਾਲਣ ਕਰਨ ਲੱਗੇ ਹਨ, ਜਦੋਂÎਕਿ ਪੁਲਸ ਵਿਭਾਗ ਵੀ ਜਾਗਰੂਕਤਾ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਕੋਵਿਡ ਤੋਂ ਬਚਾਅ ਲਈ ਲੋਕ ਮਾਸਕਾਂ ਦਾ ਪ੍ਰਯੋਗ ਕਰਨ ਲੱਗੇ ਹਨ ਤੇ ਸਾਫ਼ ਸਫਾਈ ਵੱਲ ਵੀ ਵਧੇਰੇ ਤਵੱਜ਼ੋਂ ਦੇਣ ਲੱਗੇ ਹਨ, ਪਰ ਉਥੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾਂਦੀ ਨਜ਼ਰਅੰਦਾਜ਼ੀ ਖਿਲਾਫ਼ ਵੀ ਜ਼ਿਲ੍ਹਾ ਪੁਲਸ ਪੂਰੀ ਚੌਕਸੀ 'ਤੇ ਹੈ। ਪੁਲਸ ਵੱਲੋਂ ਆਏ ਦਿਨ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਆੜੇ ਹੱਥੀ ਲਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਕੋਰੋਨਾ ਨੂੰ ਲੈ ਕੇ ਲੋਕ ਡਰੇ ਹੋਏ ਹਨ ਤੇ ਹਦਾਇਤਾਂ ਦੀ ਪਾਲਣਾ ਕਰਨ ਲੱਗੇ ਹਨ।

Harinder Kaur

This news is Content Editor Harinder Kaur