ਬੀਤੇ ਵਰ੍ਹੇ ਮੌਸਮ ਦੀ ਮਾਰ ਤੇ ਇਸ ਵਾਰ ਤਾਲਾਬੰਦੀ ਬਣੀ ਮੰਦੇ ਦਾ ਕਾਰਨ : ਬਾਗਬਾਨੀ ਸਬੰਧੀ ਕਿਸਾਨ

05/31/2020 3:51:39 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ):: ਤਾਲਾਬੰਦੀ ਕਾਰਨ ਜਿੱਥੇ ਹੋਰ ਬਹੁਤ ਸਾਰੇ ਕੰਮਕਾਰਾਂ 'ਤੇ ਮੰਦੇ ਦੀ ਮਾਰ ਪਈ ਹੈ ਅਤੇ ਕਈ ਕੰਮਕਾਰ ਠੱਪ ਹੋ ਕੇ ਰਹਿ ਗਏ ਹਨ, ਉਥੇ ਹੀ ਕਿਸਾਨੀ ਕਿੱਤੇ ਦੇ ਨਾਲ ਜੁੜੇ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਵਿੱਚ ਲਗਾਤਾਰ ਚੱਲੇ ਕਰਫ਼ਿਊ ਦੌਰਾਨ ਬੰਦ ਹੋਈ ਟ੍ਰਾਂਸਪੋਟੇਸ਼ਨ ਕਾਰਨ ਬਾਗਬਾਨੀ ਖਿੱਤੇ ਨਾਲ ਜੁੜੇ ਕਿਸਾਨਾਂ ਦਾ ਆਰਥਿਕ ਤੌਰ 'ਤੇ ਕਾਫ਼ੀ ਨੁਕਸਾਨ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਸੰਮੇਵਾਲੀ ਬਾਗਬਾਨੀ ਕਾਰਨ ਮਸ਼ਹੂਰ ਹੈ, ਪਰ ਬੀਤੇ ਵਰ੍ਹੇ ਮੌਸਮ ਦੀ ਮਾਰ ਅਤੇ ਇਸ ਸਾਲ ਲਾਕਡਾਊਨ ਕਾਰਨ ਮਾਰਕੀਟਿੰਗ ਨਾ ਹੋਣ ਦੇ ਚਲਦੇ ਆਲੂ ਬੁਖਾਰੇ ਦੇ ਬਾਗ ਪੁਟਣ ਲਈ ਇੱਥੋਂ ਦੇ ਕਿਸਾਨ ਮਜਬੂਰ ਹੋ ਗਏ ਹਨ। ਬੇਸ਼ੱਕ ਸਰਕਾਰਾਂ ਇਹ ਗੱਲ ਕਰਦੀਆਂ ਹਨ ਕਿ ਕਿਸਾਨ ਝੋਨੇ ਅਤੇ ਕਣਕ ਦੇ ਫਸਲੀ ਚੱਕਰ 'ਚੋਂ ਨਿਕਲਣ, ਪਰ ਜੋ ਕਿਸਾਨ ਇਹ ਚੱਕਰ 'ਚੋਂ ਨਿਕਲ ਕੇ ਹੋਰ ਫਸਲਾਂ ਅਪਣਾ ਰਹੇ ਹਨ, ਉਨ੍ਹਾਂ ਅੱਗੇ ਮਾਰਕੀਟਿੰਗ ਸਮੇਤ ਕਈ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। 

ਕੁੱਝ ਅਜਿਹਾ ਹੀ ਦਰਦ ਬਿਆਨ ਕਰਦੇ ਹਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਮੇਵਾਲੀ ਦੇ ਬਾਗਬਾਨੀ ਨਾਲ ਜੁੜੇ ਕਿਸਾਨ ਬਲਜਿੰਦਰ ਸਿੰਘ, ਸੱਤਪਾਲ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਆਦਿ, ਜੋ ਬੀਤੇ 10 ਵਰ੍ਹਿਆਂ ਤੋਂ ਆਲੂ ਬੁਖਾਰੇ ਦੇ ਬਾਗ ਲਾ ਰਹੇ ਸਨ, ਨੂੰ ਇਸ ਵਾਰ ਬਾਗ ਪੁੱਟਣ ਲਈ ਮਜਬੂਰ ਹੋਣਾ ਪਿਆ ਹੈ। ਇੰਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਵਰ੍ਹੇ ਗੜ੍ਹੇਮਾਰੀ ਕਾਰਨ ਸਾਰਾ ਫਲ ਝੜ ਗਿਆ ਸੀ, ਬਾਗਬਾਨੀ ਵਿਭਾਗ ਨੇ ਸਰਵੇ ਕੀਤਾ ਅਤੇ ਮੁਆਵਜ਼ੇ ਦਾ ਵਿਸ਼ਵਾਸ਼ ਦਿਵਾਇਆ ਸੀ, ਪਰ ਕਣਕ ਤੇ ਝੋਨੇ ਵਾਲਿਆਂ ਨੂੰ ਖਰਾਬਾ ਮਿਲ ਗਿਆ, ਪਰ ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲਿਆ। ਇਸ ਵਰ੍ਹੇ ਲਾਕਡਾਊਨ ਦੇ ਚੱਲਦਿਆਂ ਵਪਾਰੀ ਹੀ ਨਹੀਂ ਪਹੁੰਚੇ ਤੇ ਫਲ ਖਰਾਬ ਹੋ ਗਿਆ। ਉਨ੍ਹਾਂ ਭਰੇ ਮਨ ਨਾਲ ਇਹ ਬਾਗ ਪੁੱਟਣਾ ਪਿਆ ਤੇ ਕਰੀਬ 15 ਤੋਂ 17 ਲਖ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। 

ਉਨ੍ਹਾਂ ਮੰਗ ਕੀਤੀ ਕਿ ਕਿਸਾਨ ਬਾਗਬਾਨੀ ਵੱਲ ਆਉਣਾ ਚਾਹੁੰਦਾ ਹੈ, ਪਰ ਸਰਕਾਰ ਸਾਰ ਤਾਂ ਲਵੇ। ਉੁਨ੍ਹਾਂ ਦੱਸਿਆ ਕਿ ਉਹ ਬੀਤੇ ਕਰੀਬ 10 ਵਰ੍ਹਿਆਂ ਤੋਂ ਆਲੂ ਬੁਖਾਰੇ ਦੇ ਬਾਗਾਂ ਦਾ ਕੰਮ ਕਰ ਰਹੇ ਸਨ, ਬੀਤੇ ਵਰ੍ਹੇ ਇਸ ਖੇਤਰ ਵਿੱਚ ਕਾਫ਼ੀ ਬਾਰਿਸ਼ਾਂ ਹੋਈਆਂ ਅਤੇ ਗੜ੍ਹੇਮਾਰੀ ਕਾਰਨ ਸਾਰਾ ਫ਼ਲ ਝੜ ਗਿਆ। ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਝੋਨੇ ਤੇ ਕਿਸਾਨ ਵਾਲੇ ਕਿਸਾਨਾਂ ਤੋਂ ਇਲਾਵਾ ਬਾਗਬਾਨੀ ਵਾਲੇ ਕਿਸਾਨਾਂ ਦਾ ਵੀ ਸਰਵੇ ਕਰਨ। ਬਾਗਬਾਨੀ ਵਿਭਾਗ ਦੇ ਅਧਿਕਾਰੀ ਪਹੁੰਚੇ ਅਤੇ ਸਰਵੇ ਤੋਂ ਬਾਅਦ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਮਿਲੇਗਾ, ਪਰ ਅਜੇ ਤੱਕ ਕੁੱਝ ਨਹੀਂ ਮਿਲਿਆ। ਇਸ ਵਾਰ ਲਾਕਡਾਊਨ ਦੇ ਚੱਲਦਿਆਂ ਮਾਰਕੀਟਿੰਗ ਦੀ ਵੱਡੀ ਸਮੱਸਿਆ ਆਈ ਅਤੇ ਵਪਾਰੀਆਂ ਦੇ ਨਾ ਪਹੁੰਚਣ ਕਾਰਨ ਫਲ ਖ਼ਰਾਬ ਹੋ ਗਿਆ ਅਤੇ ਉਨ੍ਹਾਂ ਨੂੰ ਇੱਕ ਵਾਰ ਫ਼ਿਰ ਕਾਫ਼ੀ ਨੁਕਸਾਨ ਝੱਲਣਾ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬਾਗ ਦਾ ਕਾਫ਼ੀ ਹਿੱਸਾ ਪੁੱਟ ਦਿੱਤਾ ਹੈ, ਕਿਉਂਕਿ ਇਸ ਆਰਥਿਕ ਘਾਟੇ ਕਾਰਨ ਕਾਫ਼ੀ ਪਰੇਸ਼ਾਨੀ ਹੋਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਹੀ ਅਰਥਾਂ ਵਿੱਚ ਅਸੀਂ ਫਸਲੀ ਚੱਕਰ 'ਚੋਂ ਕਿਸਾਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਗਬਾਨੀ ਖਿੱਤੇ ਨਾਲ ਜੁੜੇ ਕਿਸਾਨਾਂ ਦੀ ਸਾਰ ਲੈਣੀ ਪਵੇਗੀ।
 

Vandana

This news is Content Editor Vandana