ਮੁਕਤਸਰ ’ਚ ਸਬਜ਼ੀ ਵਿਕ੍ਰੇਤਾਵਾਂ ਦੀ ਕਾਲਾਬਾਜ਼ਾਰੀ, ਸਬਜ਼ੀਆਂ ਤੇ ਫਲਾਂ ਦੇ ਭਾਅ ਚੜ੍ਹੇ ਆਸਮਾਨੀ

03/20/2020 5:18:54 PM

ਸ੍ਰੀ ਮੁਕਤਸਰ ਸਾਹਿਬ (ਪਵਨ, ਖ਼ੁਰਾਣਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਣ ਪੂਰੇ ਸੂਬੇ ’ਚ ਅਲਰਟ ਜਾਰੀ ਕਰ ਦਿੱਤਾ ਗਿਆ, ਜਦਕਿ ਕਈ ਅਦਾਰਿਆਂ ਦੇ ਨਾਲ-ਨਾਲ ਪ੍ਰਾਈਵੇਟ ਸੰਸਥਾਵਾਂ ਦੇ ਖੁੱਲ੍ਹਣ ’ਤੇ  31 ਮਾਰਚ ਤੱਕ ਰੋਕ ਲਾ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਬਾਜ਼ਾਰ ਵੀ ਬੰਦ ਰਹੇ, ਜਦਕਿ ਸਿਰਫ਼ ਕਰਿਆਨੇ ਦੀਆਂ ਦੁਕਾਨਾਂ ਅਤੇ ਸਬਜ਼ੀ, ਫਲਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸ ਦੌਰਾਨ ਜਦੋਂ ਗੱਲ ਘਰ ਦੇ ਰਾਸ਼ਨ ਦੀ ਆਉਂਦੀ ਹੈ ਤਾਂ ਜ਼ਿਲਾ ਪ੍ਰਸ਼ਾਸਨ ਦੀਆਂ ਹਿਦਾਇਤਾਂ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ ਰਾਸ਼ਨ ਅਤੇ ਸਬਜ਼ੀਆਂ ਖ਼ਰੀਦਣ ਦੀ ਮਾਰਾ-ਮਾਰੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਸਬਜ਼ੀ ਵਿਕਰੇਤਾਵਾਂ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਗਾਹਕਾਂ ਨੂੰ ਮਹਿੰਗੇ ਰੇਟਾਂ ’ਤੇ ਸਬਜ਼ੀਆਂ ਅਤੇ ਫਲਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰੇ ਸਥਾਨਕ ਸਬਜ਼ੀ ਮੰਡੀ ਵਿਚ ਗਾਹਕਾਂ ਦੀ ਭੀੜ ਦੇਖੀ ਗਈ। ਲੋਕ ਆਪੋ-ਆਪਣੇ ਵ੍ਹੀਕਲਾਂ ’ਤੇ ਅੰਨ੍ਹੇਵਾਹ ਖ਼ਰੀਦਦਾਰੀ ਕਰਨ ਵਿਚ ਵਿਅਸਥ ਰਹੇ, ਜਦਕਿ ਭਾਰੀ ਰੇਟਾਂ ’ਤੇ ਸਬਜ਼ੀਆਂ ਦੀ ਖ਼ਰੀਦਦਾਰੀ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਵਿਕਰੇਤਾਵਾਂ ਵਲੋਂ ਭਾਰੀ ਗਾਹਕਾਂ ਦੇ ਅਨੁਮਾਨ ਦੇ ਚਲਦਿਆਂ ਕਈ ਦੁਕਾਨਾਂ ਨੂੰ ਅਨਾਜ ਮੰਡੀ ਵਿਚ ਸ਼ਿਫਟ ਕੀਤਾ ਗਿਆ, ਜਦਕਿ ਹੋਲਸੇਲ ਦੁਕਾਨਾਂ ਵਾਲਿਆਂ ਦੀ ਚਾਂਦੀ ਰਹੀ।

ਸਥਾਨਕ ਸਬਜ਼ੀ ਮੰਡੀ, ਅਨਾਜ ਮੰਡੀ ’ਚ ਗਾਹਕਾਂ ਦੀ ਭੀੜ ਦਾ ਫਾਇਦਾ ਸਬਜ਼ੀ ਵਿਕਰੇਤਾਵਾਂ ਵਲੋਂ ਖੂਬ ਚੁੱਕਿਆ ਗਿਆ। ਆਮ ਦਿਨਾਂ ਦੇ ਮੁਕਾਬਲੇ ਅੱਜ ਸਬਜ਼ੀਆਂ ਦੇ ਰੇਟ ਹੈਰਾਨ ਕਰਨ ਵਾਲੇ ਸਨ ਪਰ ਲੋਕ ਮਜਬੂਰੀ ਵੱਸ ਬਿਨਾਂ ਕੁੱਝ ਸੋਚੇ ਸਮਝੇ ਖ਼ਾਣ-ਪੀਣ ਵਾਲੀਆਂ ਚੀਜ਼ਾਂ ਦੀ ਖ਼ਰੀਦਦਾਰੀ ਵਿਚ ਜੁਟੇ ਰਹੇ। ਸਬਜ਼ੀ ਮੰਡੀ ਅਤੇ ਅਨਾਜ ਮੰਡੀ ਵਿਚ 20 ਰੁਪਏ ਕਿੱਲੋ ਮਿਲਣ ਵਾਲਾ ਪਿਆਜ਼ 40 ਰੁਪਏ ਤੱਕ ਵਿਕਿਆ, ਜਦਕਿ 14 ਰੁਪਏ ਕਿਲੋ ਮਿਲਣ ਵਾਲਾ ਆਲੂ 22 ਰੁਪਏ, 20 ਰੁਪਏ ਵਿਚ ਮਿਲਣ ਵਾਲੇ ਹਰੇ ਮਟਰ 35, 15 ਰੁਪਏ ਕਿਲੋ ਮਿਲਣ ਵਾਲੇ ਟਮਾਟਰ 30 ਰੁਪਏ ਤੱਕ ਵੇਚੇ ਗਏ। ਸਬਜ਼ੀ ਮੰਡੀ ਵਿਚ ਆਉਣ ਵਾਲੇ ਲੋਕਾਂ ਵਿਚ ਖ਼ਰੀਦਦਾਰੀ ਦਾ ਭੂਤ ਸਵਾਰ ਰਿਹਾ ਜਦਕਿ ਕਈ ਲੋਕ ਪ੍ਰਸ਼ਾਸਨ ਨੂੰ ਕੋਸਦੇ ਵੀ ਨਜ਼ਰ ਆਏ। ਉੱਥੇ ਹੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਵਾਇਰਸ ਕਾਰਣ ਹਦਾਇਤਾਂ ਦੇ ਚਲਦਿਆਂ ਸਬਜ਼ੀ ਵਿਕਰੇਤਾਵਾਂ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਲੋਕਾਂ ਦੇ ਇਕੱਠ ਨੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਕੱਢੀ ਫੂਕ
ਇਕ ਪਾਸੇ ਕੋਰੋਨਾ ਦਾ ਡਰ ਤੇ ਦੂਜੇ ਪਾਸੇ ਸਬਜ਼ੀਆਂ ਖ਼ਰੀਦਣ ਦੀ ਹੋੜ ਵਿਚ ਲੋਕ ਇਸ ਤਰ੍ਹਾਂ ਗੁਆਚ ਗਏ ਕਿ ਕੋਰੋਨਾ ਵਾਇਰਸ ਦੇ ਖਿਲਾਫ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਦਰਸਾਈਆਂ ਹਦਾਇਤਾਂ ਭੁੱਲ ਗਏ। ਸਿਹਤ ਵਿਭਾਗ ਵਲੋਂ ਦੂਜੇ ਮਨੁੱਖ ਤੋਂ ਕਰੀਬ ਦੋ ਫੁੱਟ ਦੀ ਦੂਰੀ ਬਣਾਏ ਰੱਖੇ ਜਾਣ ਦੀ ਸਲਾਹ ਦਿੱਤੀ ਗਈ ਹੈ ਪਰ ਅੱਜ ਸਵੇਰੇ ਸਬਜ਼ੀ ਮੰਡੀ ਵਿਚ ਲੋਕਾਂ ਦੀ ਭੀੜ ਇਸ ਕਦਰ ਸੀ ਕਿ ਸਬਜ਼ੀ ਮੰਡੀ ਵਿਚ ਪੈਰ ਧਰਨ ਲਈ ਵੀ ਜਗ੍ਹਾ ਨਹੀਂ ਸੀ ਮਿਲ ਰਹੀ, ਜਦਕਿ ਗਾਹਕਾਂ ਵਿਚੋਂ ਕਈ ਲੋਕਾਂ ਨੇ ਮਾਸਕ ਪਹਿਨੇ ਹੋਏ ਸਨ ਪਰ ਜ਼ਿਆਦਾਤਰ ਲੋਕ ਬਿਨਾਂ ਕਿਸੇ ਪ੍ਰਹੇਜ਼ ਤੋਂ ਹੀ ਖ਼ਰੀਦਦਾਰੀ ਕਰਦੇ ਨਜ਼ਰ ਆਏ।

ਕੀ ਕਹਿਣੈ ਡਿਪਟੀ ਕਮਿਸ਼ਨਰ ਦਾ
ਇਸ ਸਬੰਧੀ ਜ਼ਿਲੇ ਦੇ ਡੀ.ਸੀ. ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀਆਂ ਬਹੁਤ ਸਾਰੀਆਂ ਅਫ਼ਵਾਹਾਂ ਸੋਸ਼ਲ ਮੀਡੀਆ ਜ਼ਰੀਏ ਫੈਲਾਈਆਂ ਜਾ ਰਹੀਆਂ ਹਨ, ਜਦਕਿ ਜ਼ਿਲਾ ਪ੍ਰਸ਼ਾਸਨ ਵਲੋਂ ਰਾਸ਼ਨ, ਸਬਜ਼ੀ ਅਤੇ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਨ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ ਅਤੇ ਨਾ ਹੀ ਭਵਿੱਖ ਵਿਚ ਅਜਿਹੀ ਕੋਈ ਸੰਭਾਵਨਾ ਹੈ। ਡੀ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਅਨੁਸਾਰ ਖ਼ਰੀਦਦਾਰੀ ਕਰਨ ਅਤੇ ਲੋੜ ਤੋਂ ਵੱਧ ਖਰੀਦਦਾਰੀ ਨਾ ਕੀਤੀ ਜਾਵੇ ਤਾਂ ਜੋ ਕੀਮਤਾਂ ਵਧਣ ਤੋਂ ਰੋਕਿਆ ਜਾ ਸਕੇ। ਜ਼ਿਲਾ ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਰੋਕਣ ਲਈ ਹਰ ਮਾਧਿਅਮ ਰਾਹੀਂ ਮੁਹਿੰਮ ਚਲਾ ਰਿਹਾ ਹੈ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


rajwinder kaur

Content Editor

Related News