ਮਾਮਲਾ ਮੁਕਤਸਰ ਤੋਂ ਐਪਨ ਦੇ ਫੋਨ ਖ਼ਰੀਦਣ ਦਾ, ਰਾਜਸਥਾਨ ਪੁਲਸ ਵਲੋਂ ਦਬਿਸ਼

03/19/2020 10:50:02 AM

ਸ੍ਰੀ ਮੁਕਤਸਰ ਸਾਹਿਬ (ਰਿਣੀ) - ਏ.ਟੀ.ਐੱਮ. ਦਾ ਕਲੋਨ ਤਿਆਰ ਕਰਕੇ ਖਰੀਦੇ ਗਏ ਮਹਿੰਗੇ ਮੋਬਾਇਲਾਂ ਨੂੰ ਅੱਗੇ ਦੁਕਾਨਦਾਰ ਵਲੋਂ ਮੁੜ ਬਿੱਲ ਕਟ ਕੇ ਵੇਚਣ ਦੇ ਮਾਮਲੇ ਨੇ ਹੁਣ ਦੋ ਰਾਜਾਂ ਦੀ ਪੁਲਸ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ। ਦਰਅਸਲ ਹੋਇਆ ਇੰਝ ਕਿ ਰਾਜਸਥਾਨ ਪੁਲਸ ਦਾ ਇਕ ਕਰਮਚਾਰੀ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ, ਜਿਸ ਦੇ ਸ਼ਹਿਰ ਦੀਆਂ ਦੋ ਦੁਕਾਨਾਂ ’ਤੇ ਪੁਛਗਿੱਛ ਕੀਤੀ। ਮਿਲੀ ਜਾਣਕਾਰੀ ਅਨੁਸਾਰ ਨੇੜਲੀ ਇਕ ਮੰਡੀ ਦੇ ਵਾਸੀ ਨੇ ਇਕ ਮੋਬਾਇਲ ਸਥਾਨਕ ਬੈਂਕ ਰੋਡ ਸਥਿਤ ਮਹਾਂਵੀਰ ਟੈਲੀਕਾਮ ਤੋਂ ਖਰੀਦਿਆ, ਜੋ ਉਸ ਨੇ ਕਰੀਬ ਦੋ ਮਹੀਨੇ ਬਾਅਦ ਰੇਲਵੇ ਰੋਡ ਸਥਿਤ ਤੀਰਥ ਟੈਲੀਕਾਮ ’ਤੇ ਵੇਚ ਦਿੱਤਾ। ਦੁਕਾਨਦਾਰ ਨੇ ਉਸ ਸਮੇਂ ਉਕਤ ਨੌਜਵਾਨ ਤੋਂ ਬਿੱਲ ਸਮੇਤ ਮੋਬਾਇਲ ਫੋਨ ਖਰੀਦ ਲਿਆ। ਦੁਕਾਨਦਾਰ ਨੇ ਉਹੀਂ ਮੋਬਾਇਲ ਜਦੋਂ ਇਕ ਹੋਰ ਗ੍ਰਾਹਕ ਨੂੰ ਵੇਚ ਦਿੱਤਾ ਤਾਂ ਰਾਜਸਥਾਨ ਦੀ ਪੁਲਸ ਨੇ ਉਸ ਦਾ ਮੋਬਾਇਲ ਟਰੇਸ ਕਰ ਲਿਆ। 

ਇਸ ਦੌਰਾਨ ਜਦੋਂ ਰਾਜਸਥਾਨ ਪੁਲਸ ਦਾ ਕਰਮੀ ਤੀਰਥ ਟੈਲੀਕਾਮ ’ਤੇ ਪਹੁੰਚਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਜਲਦ ਨਾਲ ਮਹਾਂਵੀਰ ਟੈਲੀਕਾਮ ਦਾ ਬਿਲ ਪੁਲਸ ਹਵਾਲੇ ਕਰ ਦਿੱਤਾ। ਪੁਲਸ ਕਰਮੀ ਨੇ ਮਹਾਂਵੀਰ ਟੈਲੀਕਾਮ ਨਾਲ ਗੱਲਬਾਤ ਕੀਤੀ ਪਰ ਉਹ ਮੀਡੀਆ ਤੋਂ ਬਚਾਅ ਕਰਦੇ ਇਥੋਂ ਖਿਸਕ ਗਿਆ। ਇਸ ਮਾਮਲੇ ਦੀ ਜਾਣਕਾਰੀ ਜਦੋਂ ਸਥਾਨਕ ਪੁਲਸ ਕੋਲ ਪਹੁੰਚੀ ਤਾਂ ਹੈਰਾਨੀ ਹੋਈ ਕਿ ਰਾਜਸਥਾਨ ਪੁਲਸ ਕਰਮੀ ਨੇ ਸਥਾਨਕ ਥਾਣੇ ਵਿਚ ਵੀ ਸੂਚਨਾ ਨਹੀਂ ਦਿੱਤੀ। ਮੀਡੀਆ ਨੂੰ ਫੋਨ ’ਤੇ ਕੋਈ ਸੂਚਨਾ ਨਾ ਦੇਣ ਵਾਲੇ ਰਾਜਸਥਾਨ ਪੁਲਸ ਦੇ ਕਰਮੀ ਨੇ ਪੰਜਾਬ ਪੁਲਸ ਦੇ ਸਾਹਮਣੇ ਇਹ ਗੱਲ ਮੰਨੀ ਕਿ ਉਹ ਸ੍ਰੀ ਮੁਕਤਸਰ ਸਾਹਿਬ ਸਿਰਫ ਸੁਨੇਹਾ ਦੇਣ ਆਇਆ ਸੀ ਕਿ ਰਾਜਸਥਾਨ ਦੇ ਥਾਣਾ ਬੀਜੋਵਾਲ ਵਿਖੇ ਉਨ੍ਹਾਂ 28 ਮਾਰਚ ਨੂੰ ਪੇਸ਼ ਹੋਣਾ ਹੈ। ਮਾਮਲੇ ਦੀ ਜਾਂਚ ਦੌਰਾਨ ਪਤਾ ਲਗਾ ਕਿ ਏ.ਟੀ.ਐੱਮ ਦਾ ਜਾਅਲੀ ਕਲੋਨ ਤਿਆਰ ਕਰਕੇ ਆਨਲਾਈਨ ਖਰੀਦੇ ਮੋਬਾਇਲਾਂ ਨੂੰ ਅੱਗੇ ਮੁਕਤਸਰ ਦੇ ਮਹਾਂਵੀਰ ਟੈਲੀਕਾਮ ’ਤੇ ਵੇਚਿਆ ਗਿਆ।

ਮਹਾਂਵੀਰ ਟੈਲੀਕਾਮ ਦੇ ਮਾਲਕ ਤੋਂ ਇਸ ਸਬੰਧੀ ਜਦੋਂ ਪੁਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੋਬਾਇਲ ਬਠਿੰਡਾ ਤੋਂ ਖਰੀਦੇ ਸਨ। ਥਾਣਾ ਸਿਟੀ ਐੱਸ.ਐੱਚ.ਓ.  ਤੇਜਿੰਦਰ ਪਾਲ ਸਿੰਘ ਨੇ ਮਹਾਂਵੀਰ ਟੈਲੀਕਾਮ ਦੇ ਮਾਲਕ ਨੂੰ 19 ਮਾਰਚ ਤੱਕ ਰਿਕਾਰਡ ਦੇਣ ਲਈ ਆਖਿਆ ।ਥਾਣਾ ਮੁਖੀ ਨੇ ਕਿਹਾ ਕਿ  ਰਿਕਾਰਡ ਦੇਖਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਰਾਣੇ ਮੋਬਾਇਲਾਂ ਦੀ ਮੁੜ ਨਵੇਂ ਬਿੱਲ ਕਟ ਵਿਕਰੀ ਕਿਵੇਂ ਹੋਈ, ਏ.ਟੀ.ਐੱਮ ਕਲੋਨ ਤਿਆਰ ਕਰਕੇ ਮੋਬਾਈਲ ਖਰੀਦੇ ਕਿਸਨੇ ਅਤੇ ਕੀ ਸਾਰੇ ਮੋਬਾਇਲ ਮੁਕਤਸਰ ਵਿਖੇ ਹੀ ਵਿਕੇ ਜਾਂ ਮੋਬਾਇਲ ਬਠਿੰਡੇ ਤੋਂ ਖਰੀਦੇ ਗਏ, ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਮਿਲ ਸਕਦਾ ਹੈ। 

rajwinder kaur

This news is Content Editor rajwinder kaur