ਓਟ ਕੇਂਦਰਾਂ ਦੇ ਬਾਹਰ ਗਾਇਬ ਹੋਇਆ ਸੋਸ਼ਲ ਡਿਸਟੈਂਸ, ਬਾਕੀਆਂ ਨੂੰ ਕੀ ਕਹੇ ਸਿਹਤ ਵਿਭਾਗ

06/09/2020 4:06:57 PM

ਸ੍ਰੀ ਮੁਕਤਸਰ ਸਾਹਿਬ (ਰਿਣੀ) - ਪੰਜਾਬੀ ਦਾ ਅਖਾਣ ਹੈ ਕਿ ‘ਆਪ ਬੀਬੀ ਕੋਕਾ ਮਤੀ ਦੇਵੇ ਲੋਕਾਂ’ ਇਹ ਅਖਾਣ ਸਿਹਤ ਵਿਭਾਗ ’ਤੇ ਪੂਰੀ ਤਰਾਂ ਢੁਕਦੀ ਨਜ਼ਰ ਆਉਂਦੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ’ਚ ਖੁੱਲੇ ਨਸ਼ਾ ਛਡਣ ਦੀ ਦਵਾਈ ਦੇਣ ਵਾਲੇ ਓਟ ਸੈਂਟਰ ਵਿੱਚ ਮਰੀਜ਼ਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀਆਂ ਨਜ਼ਰ ਆਉਂਦੀਆਂ ਹਨ। ਦੱਸ ਦੇਈਏ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਕੋਰੋਨਾ ਦੀ ਬੀਮਾਰੀ ਤੋਂ ਬਚਣ ਲਈ ਲੋਕ ਸ਼ੋਸਲ ਡਿਸਟੈਂਸਿੰਗ ਬਣਾਕੇ ਰੱਖਣ। ਉਥੇ ਹੀ ਸਿਹਤ ਵਿਭਾਗ ਅਧੀਨ ਚੱਲ ਰਹੇ ਸਰਕਾਰੀ ਹਸਪਤਾਲ ਵਿਖੇ ਸੋਸ਼ਲ ਡਿਸਟੈਂਸਿੰਗ ਨਾਮ ਦੀ ਕੋਈ ਚੀਜ਼ ਫ਼ਿਲਹਾਲ ਨਜ਼ਰ ਨਹੀਂ ਆ ਰਹੀ। 

ਮਿਲੀ ਜਾਣਕਾਰੀ ਅਨੁਸਾਰ ਓਟ ਸੈਂਟਰ ’ਚੋਂ ਨਸ਼ਾ ਛਡਣ ਵਾਲੇ ਵਿਅਕਤੀਆਂ ਨੂੰ ਪਹਿਲਾਂ ਇੱਕ ਦਿਨ ਦੀ ਦਵਾਈ ਦਿੱਤੀ ਜਾਂਦੀ ਸੀ ਅਤੇ ਲਾਕਡਾਊਨ ਦੌਰਾਨ ਇਹ ਦਵਾਈ 15 ਦਿਨ ਅਤੇ ਫ਼ਿਰ 21 ਦਿਨ ਦੀ ਕਰ ਦਿੱਤੀ ਗਈ। ਹੁਣ ਫ਼ਿਰ ਤੋਂ ਇਹ ਦਵਾਈ ਚਾਰ ਤੋਂ ਪੰਜ ਦਿਨ ਦੀ ਕਰ ਦਿੱਤੀ ਗਈ ਹੈ, ਜਿਸ ਕਰਕੇ ਹਸਪਤਾਲ ਵਿੱਚ ਓਟ ਸੈਂਟਰ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ। ਉਥੇ ਹੀ ਨੇੜੇ ਦੇ ਸਿਹਤ ਕੇਂਦਰ ਚੱਕ ਸ਼ੇਰੇਵਾਲਾ ਅਤੇ ਦੋਦਾ ਵਿਖੇ ਦਵਾਈ ਨਾ ਪਹੁੰਚਣ ਕਾਰਨ ਉਥੋਂ ਦੇ ਓਟ ਸੈਂਟਰਾਂ ਤੋਂ ਦਵਾਈ ਲੈਣ ਵਾਲੇ ਵਿਅਕਤੀ ਵੀ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ, ਜਿਸ ਕਾਰਨ ਇਹ ਕਤਾਰਾਂ ਹੋਰ ਵੀ ਲੰਬੀਆਂ ਹੋ ਗਈਆਂ ਹਨ।

ਕਤਾਰਾਂ ਵਿੱਚ ਖੜ੍ਹੇ ਵਿਅਕਤੀ, ਜਿੱਥੇ ਗਰਮੀ ਤੋਂ ਪਰੇਸ਼ਾਨ ਹਨ, ਉਥੇ ਹੀ ਇਹ ਗੱਲ ਵੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਕਿਤੇ ਨਸ਼ੇ ਜਿਹੀ ਨਾਮੁਰਾਦ ਬੀਮਾਰੀ ਨੂੰ ਛੱਡਦਿਆਂ ਛੱਡਦਿਆਂ ਉਹ ਕੋਰੋਨਾ ਜਿਹੀ ਅਲਾਮਤ ਨਾ ਸਹੇੜ ਲੈਣ। ਇਸ ਸਬੰਧ ਵਿਚ ਗੱਲਬਾਤ ਕਰਨ ’ਤੇ ਸਿਵਲ ਸਰਜਨ ਡਾ. ਐੱਚ.ਐੱਨ.ਸਿੰਘ ਦਾ ਕਹਿਣਾ ਹੈ ਕਿ ਹੁਣ ਨੇੜੇ ਦੇ ਸੈਂਟਰਾਂ ਵਿਚ ਦਵਾਈ ਪਹੁੰਚ ਗਈ ਹੈ, ਜਿਥੇ ਲੋਕ ਆਸਾਨੀ ਨਾਲ ਦਵਾਈ ਲੈ ਸਕਦੇ ਹਨ। ਸੈਂਟਰਾਂ ਤੋਂ ਦਵਾਈ ਲੈਣ ’ਕੇ ਇਹ ਕਤਾਰਾਂ ਘੱਟ ਜਾਣਗੀਆਂ। 


rajwinder kaur

Content Editor

Related News