ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਘੇਰੀ ਟੀਮ, ਕੀਤੀ ਨਾਅਰੇਬਾਜ਼ੀ

11/04/2019 5:41:08 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪਿੰਡ ਭਾਗਸਰ ਦੇ ਖੇਤਾਂ 'ਚ ਕਿਸਾਨਾਂ ਨੇ ਸਰਕਾਰੀ ਟੀਮ ਨੂੰ ਉਸ ਸਮੇਂ ਘੇਰ ਲਿਆ, ਜਦੋਂ ਟੀਮ ਦੇ ਮੈਂਬਰ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਜਾ ਰਹੀ ਅੱਗ ਦਾ ਜਾਇਜ਼ਾ ਲੈਣ ਆਏ ਸਨ। ਭਾਗਸਰ ਤੋਂ ਚਿੱਬੜਾਂਵਾਲੀ ਨੂੰ ਜਾਣ ਵਾਲੇ ਕੱਚੇ ਰਸਤੇ 'ਤੇ ਜਿਉਂ ਇਹ ਟੀਮ ਖੇਤਾਂ 'ਚ ਪੁੱਜੀ ਤਾਂ ਇਸ ਦੀ ਸੂਚਨਾ ਕਿਸਾਨਾਂ ਨੂੰ ਮਿਲ ਗਈ। ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਦੀ ਆਵਾਜ਼ ਸੁਣਦਿਆਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਖੇਤਾਂ ਵੱਲ ਵਹੀਰਾਂ ਘੱਤ ਦਿੱਤੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਹਰਫ਼ੂਲ ਸਿੰਘ ਭਾਗਸਰ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਟੀਮ ਦਾ ਵਿਰੋਧ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਉਕਤ ਵਿਅਕਤੀਆਂ ਨੂੰ ਇਸ ਸ਼ਰਤ 'ਤੇ ਜਾਣ ਦਿੱਤਾ ਕਿ ਉਹ ਹੁਣ ਖੇਤਾਂ 'ਚ ਨਹੀਂ ਆਉਣਗੇ। ਜਾਣਕਾਰੀ ਅਨੁਸਾਰ ਸਰਕਾਰੀ ਟੀਮ 'ਚ ਖੇਤੀਬਾੜੀ ਵਿਭਾਗ, ਮਾਲ ਮਹਿਕਮਾ ਤੇ ਸਹਿਕਾਰੀ ਸਭਾ ਦੇ ਮੁਲਾਜ਼ਮ ਮੌਜੂਦ ਸਨ, ਜਿਨ੍ਹਾਂ ਨਾਲ ਕੋਈ ਪੁਲਸ ਮੁਲਾਜ਼ਮ ਨਹੀਂ ਸੀ।

ਕਿਸਾਨਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਗੁਰਾਂਦਿੱਤਾ ਸਿੰਘ
ਯੂਨੀਅਨ ਦੇ ਜ਼ਿਲਾ ਆਗੂ ਗੁਰਾਂਦਿੱਤਾ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਨਾਲ ਧੱਕੇਸ਼ਾਹੀ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਦਾ ਕੋਈ ਪ੍ਰਬੰਧ ਕਰੇ ਜਾਂ ਕਿਸਾਨਾਂ ਨੂੰ 200 ਰੁਪਏ ਬੋਨਸ ਦੇਵੇ।ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕਰਵਾ ਰਹੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ।


rajwinder kaur

Content Editor

Related News