ਆਂਗਣਵਾੜੀ ਯੂਨੀਅਨ ਅਰੁਣਾ ਚੌਧਰੀ ਦੇ ਘਰ ਅੱਗੇ 11 ਮਾਰਚ ਤੋਂ ਕਰੇਗੀ ਭੁੱਖ ਹੜਤਾਲ

02/28/2020 4:04:21 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਮੈਡਮ ਅਰੁਨਾ ਚੌਧਰੀ ਨਾਲ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫਦ ਵਲੋਂ 5 ਮਾਰਚ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਮੰਗਾਂ ਦਾ ਨਿਪਟਾਰਾ ਹੋਣ ’ਤੇ 11 ਮਾਰਚ ਨੂੰ ਯੂਨੀਅਨ ਵਲੋਂ ਵਿਭਾਗ ਦੀ ਮੰਤਰੀ ਅਰੁਨਾ ਚੌਧਰੀ ਦੇ ਘਰ ਅੱਗੇ ਦੀਨਾਨਗਰ ਵਿਖੇ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸੇ ਸਿਲਸਿਲੇ ਅਧੀਨ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਖੰਡੇ ਵਾਲੇ ਪਾਰਕ ਮੁਕਤਸਰ ਵਿਖੇ ਆਗੂਆਂ ਦੀ ਇਕ ਮੀਟਿੰਗ ਹੋਈ, ਜਿਸ ’ਚ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਾਰ-ਵਾਰ ਝੂਠੇ ਲਾਰੇ ਲਾ ਰਹੀ ਹੈ, ਜਿਸ ਕਰਕੇ ਜਥੇਬੰਦੀ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਜਦ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬਣਦੇ ਹੱਕ ਨਹੀਂ ਮਿਲਦੇ, ਉਦੋਂ ਤੱਕ ਸਰਕਾਰ ਨਾਲ ਲੜਾਈ ਲੜੀ ਜਾਵੇਗੀ। 

ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋ ਪਰੋਖੇ ਕੀਤਾ ਹੋਇਆ ਹੈ, ਜੋ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਜਿੰਨਾਂ ਚਿਰ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਦੇ, ਉਹ ਸੰਘਰਸ਼ ਕਰਦੇ ਰਹਿਣਗੇ। ਮੀਟਿੰਗ ’ਚ ਪੁੱਜੀਆਂ ਕਰੈਚ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦੋ ਸਾਲਾਂ ਤੋਂ ਤਨਖਾਹ ਨਹੀਂ ਦਿੱਤੀ ਗਈ। ਕਰੈਚ ਵਰਕਰ ਆਰਤੀ ਸ਼ਰਮਾ, ਪੂਜਾ ਰਾਣੀ, ਵੀਨਾ, ਅੰਸ਼ੂ, ਗੁਰਮੀਤ, ਨੀਰੂ, ਨੀਲਮ ਤੇ ਸੀਮਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਵੇ। ਇਸ ਮੌਕੇ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ, ਕਿਰਨਪਾਲ ਕੌਰ ਮਹਾਂਬੱਧਰ, ਸੰਦੀਪ ਕੌਰ ਝੁੱਗੇ, ਪ੍ਰਭਜੀਤ ਕੌਰ ਰਣਜੀਤਗੜ੍ਹ, ਬਲਜਿੰਦਰ ਕੌਰ ਖੱਪਿਆਂਵਾਲੀ, ਸਰਬਜੀਤ ਕੌਰ ਕੌੜਿਆਂਵਾਲੀ ਆਦਿ ਮੌਜਦ ਸਨ।

ਯੂਨੀਅਨ ਦੀਆਂ ਮੰਗਾਂ-
1. ਐੱਨ.ਜੀ.ਓ. ਦੇ ਅਧੀਨ ਕੰਮ ਕਰਦੀਆਂ ਵਰਕਰਾਂ ਦੇ ਕੇਂਦਰਾਂ ਦੇ ਕਿਰਾਏ ਪਿਛਲੇ 2 ਸਾਲਾਂ ਤੋਂ ਨਹੀ ਦਿੱਤੇ, ਜੋ ਉਹ ਆਪਣੇ ਪੱਲੇ ਤੋਂ ਭਰ ਰਹੀਆਂ ਹਨ। ਉਨ੍ਹਾਂ ਨੂੰ ਦੋ ਸਾਲਾਂ ਦਾ ਵਰਦੀ ਭੱਤਾ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਬਾਲ ਭਲਾਈ ਕੌਂਸਲ ਦੇ 3 ਬਲਾਕਾਂ ਦਾ ਵਧੀ ਤਨਖਾਹ ਦੇ ਏਰੀਅਰ ਦਾ ਭੁਗਤਾਨ ਨਹੀਂ ਕੀਤਾ। 
2. ਕਰੈਚ ਵਰਕਰਜ, ਜੋ ਆਂਗਣਵਾੜੀ (ਆਈ.ਸੀ.ਡੀ.ਐੱਸ) ’ਚ ਸ਼ਿਫਟ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਵੀ 19-19 ਮਹੀਨੇ ਦੀਆਂ ਤਨਖਾਹਾਂ ਨਹੀ ਦਿੱਤੀਆਂ ਗਈਆਂ ਅਤੇ ਨਾ ਹੀ ਕੇਦਰਾਂ ਦਾ ਪਿਛਲੇ 3 ਸਾਲ ਦਾ ਕਿਰਾਇਆ ਦਿੱਤਾ ਗਿਆ, ਜੋ ਉਨ੍ਹਾਂ ਦੇਣ ਦੀ ਮੰਗ ਕੀਤੀ।
3. 101 ਸੁਪਰਵਾਈਜਰ ਦੀ ਭਰਤੀ, ਜੋ ਵਰਕਰਜ਼ ’ਚੋਂ ਕੀਤੀ ਜਾਣੀ ਹੈ, ਨੂੰ ਤੁਰੰਤ ਪੂਰੀ ਕਰਕੇ ਯੋਗ ਉਮੀਦਵਾਰਾਂ ਨੂੰ ਜੁਆਇਨ ਕਰਵਾਇਆ ਜਾਵੇ। 
4. ਪਿਛਲੇ ਸਮੇਂ 2015 ’ਚ ਵਰਕਰ ਤੋਂ ਗਲਤ ਸਰਟੀਫਿਕੇਟ ਅਤੇ ਜਾਅਲੀ ਡਿਗਰੀਆਂ ਪੇਸ਼ ਕਰਕੇ ਬਣੀਆਂ ਸੁਪਰਵਾਈਜਰਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ਼ ਵਿਭਾਗ ਦੇ ਪੱਤਰ ਮੁਤਾਬਕ 420 ਦੇ ਪਰਚੇ ਦਰਜ ਕੀਤੇ ਜਾਣ।
5. ਆਂਗਣਵਾੜੀ ਵਰਕਰਜ/ਹੈਲਪਰਜ਼ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ। 
6. ਸਾਡੀਆਂ ਵਿੱਤ ਵਿਭਾਗ ਨਾਲ ਸਬੰਧਿਤ ਫਾਇਲਾਂ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਵਾਇਆ ਜਾਵੇ।


rajwinder kaur

Content Editor

Related News