ਐੱਮ.ਐੱਸ.ਸੀ ਹਿਸਾਬ ''ਚ ਸਰਕਾਰੀ ਕਾਲਜ ਮੁਕਤਸਰ ਦੀ ਸਿਮਰਨ ਯੂਨੀਵਰਸਿਟੀ ''ਚੋਂ ਪਹਿਲੇ ਸਥਾਨ ''ਤੇ

05/09/2018 3:34:49 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮ.ਐੱਸ.ਸੀ. ਹਿਸਾਬ ਦੇ ਪਹਿਲੇ ਸਮੈਸਟਰ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਵਾਲੀਆ ਦੀ ਯੋਗ ਅਗਵਾਈ ਹੇਠ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਸਿਮਰਨ ਨੇ 500 'ਚੋਂ 462 ਅੰਕ ਲੈ ਕੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਇਤਿਹਾਸਕ ਪ੍ਰਾਪਤੀ ਦੀ ਜਾਣਕਾਰੀ ਦਿੰਦਿਆਂ ਕਾਲਜ ਦੇ ਪੋਸਟ ਗ੍ਰੇਜੂਏਟ ਹਿਸਾਬ ਵਿਭਾਗ ਦੇ ਮੁੱਖੀ ਪ੍ਰੋ. ਆਰ. ਡੀ. ਬਾਂਸਲ ਨੇ ਕਿਹਾ ਕਿ ਐਲਾਨੇ ਨਤੀਜਿਆਂ 'ਚ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸੇ ਤਰ੍ਹਾਂ ਅਨੁਜ ਕੁਮਾਰ ਅਤੇ ਸ਼ਿਵਾਨੀ ਨੇ ਕ੍ਰਮਵਾਰ 411 ਅਤੇ 401 ਅੰਕ ਪ੍ਰਾਪਤ ਕਰਕੇ ਕਾਲਜ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ, ਜਦਕਿ 13 ਵਿਦਿਆਰਥੀਆਂ ਨੇ 70 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਾਦਿਕ (ਫਰੀਦਕੋਟ) ਤੋਂ ਹਰ ਰੋਜ 25 ਕਿਲੋਮੀਟਰ ਦਾ ਸਫਰ ਕਰਕੇ ਕਾਲਜ ਆਉਣ ਵਾਲੀ ਬੇਹੱਦ ਖੁਸ਼ ਕੁਮਾਰੀ ਸਿਮਰਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਦੀ ਪ੍ਰੇਰਨਾ, ਹਿਸਾਬ ਵਿਭਾਗ ਦੇ ਯੋਗ ਅਤੇ ਮਿਹਨਤੀ ਅਧਿਆਪਕ ਪ੍ਰੋ.ਹਿਤੇਸ਼ ਗਰਗ, ਪ੍ਰੋ. ਗੁਰਇਕਬਾਲ ਸਿੰਘ, ਪ੍ਰੋ. ਸੰਜੇ ਕੁਮਾਰ ਅਤੇ ਮੈਡਮ ਮਮਤਾ ਨੂੰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਭਵਿੱਖ 'ਚ ਲਗਨ ਨਾਲ ਮਿਹਨਤ ਕਰਦੇ ਹੋਏ ਆਈ. ਏ. ਐੱਸ. ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। 
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਮੰਜੂ ਵਾਲੀਆ ਨੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਲੋਂ ਸਿਮਰਨ ਨੂੰ 11,000 ਬਤੌਰ ਇਨਾਮ ਅਤੇ ਸਨਮਾਨਿਤ ਕਰਨ ਦਾ ਐਲਾਨ ਕਰਦਿਆਂ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਵੱਖ-ਵੱਖ ਕਲਾਸਾਂ ਦੇ ਨਤੀਜਿਆਂ ਵਿਚ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਮਰਿਦੂਲਾ ਸਿੰਗਲਾ, ਪ੍ਰੋ. ਕ੍ਰਿਸ਼ਨ ਚੰਦ ਮਿੱਤਲ, ਪ੍ਰੋ. ਸਤਵੰਤ ਕੌਰ, ਡਾ. ਪਰਮਿੰਦਰ ਸਿੰਘ, ਡਾ. ਸੀ. ਐੱਮ. ਗੁਪਤਾ ਆਦਿ ਮੌਜੂਦ ਸਨ।  


Related News