ਧੋਖੇ ਨਾਲ ਬੁਲਾ ਕੇ ਮਾਰੀ ਗੋਲੀ ਅਤੇ ਫ਼ਿਰ 1 ਲੱਖ 20 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਖੋਹ ਕੇ ਮੋਟਰਸਾਈਕਲ ਸਵਾਰ ਹੋਏ ਫ਼ਰਾਰ

03/30/2021 10:56:52 AM

ਫਿਰੋਜ਼ਪੁਰ (ਕੁਮਾਰ): ਫੋਨ ਕਰਕੇ ਧੋਖੇ ਨਾਲ ਬੁਲਾ ਕੇ, ਗੋਲੀ ਮਾਰ ਕੇ ਵਿਅਕਤੀ ਨੂੰ ਜ਼ਖ਼ਮੀ ਕਰਕੇ ਉਸ ਤੋਂ 120000 ਰੁਪਏ ਅਤੇ ਮੋਬਾਇਲ ਫੋਨ ਖੋਹ ਕੇ ਦੋ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਜ਼ਖ਼ਮੀ ਹੋਏ ਸਾਰਜ ਪੁੱਤਰ ਬੋਹੜਾ ਵਾਸੀ ਪਿੰਡ ਕਮਾਲਵਾਲਾ ਦੇ ਬਿਆਨਾਂ ’ਤੇ ਦੋ ਅਣਪਛਾਤੇ ਮੋਟਰਸਾਈਕਲ ਹਮਲਾਵਰਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 307, 379-ਬੀ ਅਤੇ 34 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਏ.ਐਸ.ਆਈ. ਸਤਪਾਲ ਨੇ ਦੱਸਿਆ ਕਿ ਜ਼ਖ਼ਮੀ ਹੋਏ ਸ਼ਿਕਾਇਤਕਰਤਾ ਮੁਦੱਈ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਕਿਸੇ ਵਿਅਕਤੀ ਦੀ ਉਸ ਦੇ ਮੋਬਾਇਲ ਫੋਨ ’ਤੇ ਕਾਲ ਆਈ ਅਤੇ ਉਸਨੇ ਕਿਹਾ ਕਿ ਉਸ ਦੇ ਕੋਲ ਇੱਕ ਝੋਟਾ (ਪਸ਼ੂ) ਹੈ, ਜੋ ਉਸ ਨੇ ਵੇਚਣਾ ਹੈ ਅਤੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਦਰਿਆ ਦੇ ਬੰਨ੍ਹ ਤੇ ਆ ਜਾਓ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਆਪਣੇ ਸਾਥੀ ਰਾਜ ਕੁਮਾਰ ਵਾਸੀ ਦੌਲਤਪੁਰਾ ਨੂੰ ਨਾਲ ਲੈ ਕੇ ਦਰਿਆ ਦੇ ਬੰਨ੍ਹ ’ਤੇ ਚਲਾ ਗਿਆ, ਜਿੱਥੇ ਦੋ ਅਣਪਛਾਤੇ ਵਿਅਕਤੀ ਖੜ੍ਹੇ ਹੋਏ ਸਨ।

ਉਨ੍ਹਾਂ ਨੇ ਸ਼ਿਕਾਇਤਕਰਤਾ ਮੁਦੱਈ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਾਰ ਦੇਣ ਦੀ ਨੀਅਤ ਨਾਲ ਉਸਤੇ ਗੋਲੀ ਚਲਾ ਦਿੱਤੀ, ਜੋ ਉਸਦੀ ਲੱਤ ਤੇ ਲੱਗੀ ਅਤੇ ਫ਼ਿਰ ਉਨ੍ਹਾਂ ਨੇ ਸ਼ਿਕਾਇਤਕਰਤਾ ਦੇ ਸਾਥੀ ਰਾਜ ਕੁਮਾਰ ਨੂੰ ਫੜ੍ਹ ਲਿਆ ਅਤੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਤੋਂ 120000 ਰੁਪਏ, ਉਸਦਾ ਮੋਬਾਇਲ ਫੋਨ ਅਤੇ ਪਰਸ ਖੋਹ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਹਮਲਾਵਰ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।


Shyna

Content Editor

Related News