ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਇਲਾਕੇ ''ਚ ਕੱਢੀ ਮੋਟਰਸਾਈਕਲ ਰੈਲੀ, ਕਾਰੋਬਾਰ ਬੰਦ ਰੱਖਣ ਦੀ ਕੀਤੀ ਅਪੀਲ

09/23/2020 1:09:46 PM

ਭਵਾਨੀਗੜ੍ਹ (ਕਾਂਸਲ): ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਲਾਗੂ ਕੀਤੇ ਗਏ 3 ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਖੇ ਮੋਟਰਸਾਈਕਲ ਰੈਲੀ ਕੱਢੀ ਗਈ।ਇਸ ਰੈਲੀ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ।

ਇਸ ਰੈਲੀ ਰਾਹੀਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸ਼ਹਿਰ 'ਚ ਮੁੱਖ ਸੜਕ ਅਤੇ ਹੋਰ ਵੱਖ-ਵੱਖ ਸਥਾਨਾਂ 'ਤੇ 25 ਸਤੰਬਰ ਦੇ ਬੰਦ ਸਬੰਧੀ ਅਨਾਊਂਸਮੈਂਟ ਕਰਦਿਆਂ ਸਾਰੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੂੰ 25 ਸਤੰਬਰ ਨੂੰ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ ਰੱਖਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ 3 ਆਰਡੀਨੈਂਸ ਕਿਸਾਨ ਆੜਤੀਆਂ ਅਤੇ ਮਜ਼ਦੂਰ ਵਿਰੋਧੀ ਹਨ। ਇਨ੍ਹਾਂ ਆਰਡੀਨੈਂਸਾਂ ਨਾਲ ਸੂਬੇ ਦੇ ਕਿਸਾਨੀ ਬੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪ੍ਰਮੁੱਖ ਖੇਤੀ ਪ੍ਰਧਾਨ ਸੂਬਾ ਹੈ, ਜਿੱਥੇ ਦੀ ਪੂਰੀ ਆਰਥਿਕਤਾ ਖੇਤੀ ਉਪਰ ਨਿਰਭਰ ਕਰਦੀ ਹੈ ਇਸ ਲਈ ਜੇਕਰ ਪੰਜਾਬ ਦੀ ਕਿਸਾਨੀ ਬਰਬਾਦ ਹੁੰਦੀ ਹੈ ਤਾਂ ਇਸ ਦਾ ਬੂਰਾ ਅਸਰ ਹਰ ਕਾਰੋਬਾਰ ਉਪਰ ਪਵੇਗਾ ਅਤੇ ਇਸ ਨਾਲ ਪੰਜਾਬ ਦਾ ਹਰ ਵਰਗ ਬੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।ਇਸ ਲਈ ਕਿਸਾਨੀ ਅਤੇ ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਲਈ ਹਰ ਵਰਗ ਨੂੰ ਕਿਸਾਨਾਂ ਦੇ ਇਸ ਸੰਘਰਸ਼ ਆਪਣਾ ਪੂਰਾ ਸ਼ਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਇਸ ਸੰਘਰਸ਼ 'ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਉਪਰ ਇਨ੍ਹਾਂ ਕਿਸਾਨ ਅਤੇ ਪੰਜਾਬ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪੂਰਾ ਦਬਾਅ ਬਣਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਹੋਰ ਆਗੂ ਵੀ ਮੌਜੂਦ ਸਨ।

Shyna

This news is Content Editor Shyna