ਸਡ਼ਕ ਦੁਰਘਟਨਾ ’ਚ ਮੋਟਰਸਾਈਕਲ ਸਵਾਰ ਦੀ ਮੌਤ

03/14/2020 10:32:35 PM

ਮੰਡੀ ਗੋਬਿੰਦਗਡ਼੍ਹ, (ਮੱਗੋ)- ਅਮਲੋਹ ਰੋਡ ’ਤੇ ਸਡ਼ਕ ਦੁਰਘਟਨਾ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਜ਼ਖਮੀ ਨੂੰ ਤੁਰੰਤ ਫਤਿਹਗਡ਼੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਜਿਥੇ ਉਹ ਜ਼ੇਰੇ ਇਲਾਜ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗਡ਼੍ਹ ਦੀ ਪੁਲਸ ਨੂੰ ਜੰਗ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ Îਭੱਦਲਥੂਹਾ ਥਾਣਾ ਅਮਲੋਹ, ਜ਼ਿਲਾ ਫਤਿਹਗਡ਼੍ਹ ਸਾਹਿਬ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਮਜ਼ਦੂਰੀ ਕਰਨ ਲਈ ਸਾਈਕਲ ’ਤੇ ਮੰਡੀ ਗੋਬਿੰਦਗਡ਼੍ਹ ਆ ਰਿਹਾ ਸੀ। ਮੇਰਾ ਵੱਡਾ ਲਡ਼ਕਾ ਵਰਿੰਦਰ ਸਿੰਘ ਅਤੇ ਉਸ ਦਾ ਦੋਸਤ ਹਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਘੁੱਲੂਮਾਜਰਾ, ਥਾਣਾ ਅਮਲੋਹ ਜ਼ਿਲਾ ਫਤਿਹਗਡ਼੍ਹ ਸਾਹਿਬ ਆਪਣੇ ਮੋਟਰਸਾਈਕਲ ਨੰਬਰ ਪੀਬੀ. 23 ਬੀ-1895 ਮਾਰਕਾ ਹੀਰੋ ਸੀ. ਡੀ. ਡੀਲਕਸ ’ਤੇ ਜਾ ਰਹੇ ਸਨ। ਮੋਟਰਸਾਈਕਲ ਹਰਦੀਪ ਸਿੰਘ ਚਲਾ ਰਿਹਾ ਸੀ ਅਤੇ ਮੇਰਾ ਲਡ਼ਕਾ ਵਰਿੰਦਰ ਸਿੰਘ ਪਿੱਛੇ ਬੈਠਾ ਸੀ ਜੋ ਕਿ ਮਹਾਦੇਵ ਕੰਡੇ ਤੋਂ ਕਰੀਬ 100 ਗਜ਼ ਅੱਗੇ ਆਰ ਜੇ 23 ਜੀ-6249 ਦੀ ਤੇਜ਼ ਰਫਤਾਰੀ ਦੀ ਲਪੇਟ ਵਿਚ ਆ ਗਏ। ਡਰਾਈਵਰ ਦੀ ਅਣਗਹਿਲੀ ਅਤੇ ਟਰੱਕ ਦੀ ਤੇਜ਼ ਰਫਤਾਰ ਕਰਕੇ ਮੋਟਰਸਾਈਕਲ ਵਿਚ ਮਾਰੀ ਸਿੱਧੀ ਟੱਕਰ ਨਾਲ ਮੇਰਾ ਲਡ਼ਕਾ ਵਰਿੰਦਰ ਸਿੰਘ ਅਤੇ ਉਸ ਦਾ ਦੋਸਤ ਹਰਦੀਪ ਸਿੰਘ ਦੋਵੇਂ ਮੋਟਰਸਾਈਕਲ ਤੋਂ ਡਿੱਗ ਗਏ ਜਿਨ੍ਹਾਂ ਨੂੰ ਮੌਕੇ ’ਤੇ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ 108 ਰਾਹੀਂ ਇਲਾਜ ਲਈ ਸਿਵਲ ਹਸਪਤਾਲ ਅਮਲੋਹ ਲਿਜਾਆ ਗਿਆ। ਡਾਕਟਰਾਂ ਨੇ ਮੇਰੇ ਲਡ਼ਕੇ ਵਰਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਹਰਦੀਪ ਸਿੰਘ ਨੂੰ ਗੰਭੀਰ ਜ਼ਖਮੀ ਹੋਣ ਕਰਕੇ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਰੈਫਰ ਕਰ ਦਿੱਤਾ ਜਿਥੇ ਉਹ ਜ਼ੇਰੇ ਇਲਾਜ ਹੈ। ਪੁਲਸ ਨੂੰ ਸੂਚਨਾ ਮਿਲਣ ’ਤੇ ਪੁਲਸ ਨੇ ਟਰੱਕ ਡਰਾਈਵਰ ਨੂੰ ਨਾਮਜ਼ਦ ਕਰ ਕੇ ਟਰੱਕ ਡਰਾਈਵਰ ਕਪੂਰ ਸਿੰੰਘ ਪੁੱਤਰ ਕਰਤਾਰ ਸਿੰਘ ਵਾਸੀ ਭਿੰਡਰ ਖੁਰਦ, ਥਾਣਾ ਧਰਮਕੋਟ, ਜ਼ਿਲਾ ਮੋਗਾ ਦੇ ਖਿਲਾਫ ਜੰਗ ਸਿੰਘ ਦੇ ਬਿਆਨਾਂ ’ਤੇ ਧਾਰਾ 279, 337, 304ਏ, 427 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਵਰਿੰਦਰ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।


Bharat Thapa

Content Editor

Related News