ਕਾਰ ਤੇ ਟਰੱਕ ਦੀ ਸਿੱਧੀ ਟੱਕਰ ’ਚ ਮਾਂ-ਪੁੱਤ ਦੀ ਮੌਤ

02/20/2020 1:24:19 AM

ਸੰਗਤ ਮੰਡੀ,(ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਨਜ਼ਦੀਕ ਕਾਰ ’ਤੇ ਟਰੱਕ ਦੀ ਸਿੱਧੀ ਟੱਕਰ ’ਚ ਕਾਰ ਸਵਾਰ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਭੈਣ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਰ ਸਵਾਰ ਕ੍ਰਿਸ਼ਨ ਕੁਮਾਰ (28) ਪੁੱਤਰ ਜਨਕ ਰਾਜ ਤੇ ਕ੍ਰਿਸ਼ਨ ਕੁਮਾਰ ਦੀ ਮਾਂ ਬਿਮਲਾ ਦੇਵੀ ਪਤਨੀ ਜਨਕ ਰਾਜ ਵਾਸੀਆਨ ਡੱਬਵਾਲੀ ਆਪਣੀ ਭੈਣ ਮਨੀਸ਼ਾ ਨਾਲ ਅਲਟੋ ਕਾਰ ’ਤੇ ਬਠਿੰਡਾ ਤੋਂ ਡੱਬਵਾਲੀ ਮੰਡੀ ਜਾ ਰਿਹਾ ਸੀ, ਜਦਕਿ ਲਸਣ ਦਾ ਭਰਿਆ ਟਰੱਕ ਡੱਬਵਾਲੀ ਤੋਂ ਬਠਿੰਡਾ ਆ ਰਿਹਾ ਸੀ। ਦੋਵੇਂ ਵਾਹਨ ਜਦ ਉਕਤ ਸਥਾਨ ’ਤੇ ਪਹੁੰਚੇ ਤਾਂ ਦੋਹਾਂ ਦੀ ਆਹਮੋ-ਸਾਹਮਣੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ’ਚ ਕਾਰ ਸਵਾਰ ਕ੍ਰਿਸ਼ਨ ਕੁਮਾਰ ’ਤੇ ਉਸ ਦੀ ਮਾਂ ਬਿਮਲਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਨੀਸ਼ਾ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਰਾਹਗੀਰਾਂ ਵੱਲੋਂ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹਾਦਸੇ ’ਚ ਜ਼ਖਮੀ ਔਰਤ ਨੂੰ ਸਭ ਤੋਂ ਪਹਿਲਾ ਇਲਾਜ ਲਈ ਬਠਿੰਡਾ ਪਹੁੰਚਣ ’ਚ ਮਦਦ ਕਰਨ ਤੋਂ ਬਾਅਦ ਹਾਦਸਾ ਗ੍ਰਸਤ ਵਾਹਨਾਂ ਨੂੰ ਸਡ਼ਕ ਤੋਂ ਪਾਸੇ ਕਰਵਾਇਆ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

Bharat Thapa

This news is Content Editor Bharat Thapa