ਕਰਜ਼ੇ ਤੋਂ ਪ੍ਰੇਸ਼ਾਨ 5 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

11/19/2019 12:55:14 AM

ਲੁਧਿਆਣਾ, (ਮਹੇਸ਼)— 5 ਬੱਚਿਆਂ ਦੀ 35 ਸਾਲਾ ਮਾਂ ਵਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੰਦਰਾਮਤੀ ਦੀ ਲਾਸ਼ ਐਤਵਾਰ ਬਾਜ਼ੀਗਰ ਬਸਤੀ ਸਥਿਤ ਉਸਦੇ ਘਰ 'ਚ ਲਟਕਦੀ ਮਿਲੀ। ਪੁਲਸ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਦੀ ਪ੍ਰੇਸ਼ਾਨੀ ਕਾਰਨ ਦੁਖੀ ਸੀ। ਉਸਦਾ ਪਤੀ ਪੱਪੂ ਗੁਪਤਾ ਕਥਿਤ ਤੌਰ 'ਤੇ ਲੱਖਾਂ ਰੁਪਏ ਦੇ ਕਰਜ਼ ਦੇ ਹੇਠਾਂ ਦੱਬਿਆ ਹੋਇਆ ਹੈ। ਫਿਲਹਾਲ ਸਲੇਮ ਟਾਬਰੀ ਪੁਲਸ ਨੇ ਪੱਪੂ ਦੀ ਤਹਿਰੀਰ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਟਰਮ ਕਰਵਾਉਣ ਦੇ ਬਾਅਦ ਉਸਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ।
ਜਾਂਚ ਅਧਿਕਾਰੀ ਏ. ਐੱਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਪੱਪੂ ਸਬਜ਼ੀ ਮੰਡੀ 'ਚ ਫੜ੍ਹੀ ਲਾਉਂਦਾ ਹੈ। ਕਾਰੋਬਾਰ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਸਨੇ ਮਾਰਕੀਟ ਤੋਂ ਲੱਖਾਂ ਰੁਪਏ ਕਰਜ਼ਾ ਚੁਕਿਆ ਹੈ, ਜਿਸ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਐਤਵਾਰ ਨੂੰ ਪੱਪੂ ਲੜਾਈ-ਝਗੜੇ ਦੇ ਮਾਮਲੇ 'ਚ ਆਪਣੇ ਇਕ ਰਿਸ਼ਤੇਦਾਰ ਦਾ ਸਮਝੌਤਾ ਕਰਾਉਣ ਲਈ ਗਿਆ ਸੀ। ਉਥੋਂ ਲਗਭਗ 10.30 ਵਜੇ ਮੁੜਿਆ ਤਾਂ ਪਤਨੀ ਬੈੱਡ 'ਤੇ ਫਾਹੇ ਨਾਲ ਝੂਲ ਰਹੀ ਸੀ ਅਤੇ ਨੇੜੇ 6 ਸਾਲ ਦੀ ਬੇਟੀ ਸੌਂ ਰਹੀ ਸੀ। ਇਹ ਦੇਖ ਕੇ ਉਸਨੇ ਰੌਲਾ ਪਾ ਦਿੱਤਾ ਨੇੜੇ ਲੋਕਾਂ ਨੂੰ ਇਕੱਠਾ ਕੀਤਾ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ।


KamalJeet Singh

Content Editor

Related News