ਮਾਂ ਨੇ ਧੀ ਨਾਲ ਪ੍ਰੇਮ ਸਬੰਧ ਰੱਖਣ ਵਾਲੇ ਨੂੰ ਉਤਾਰਿਆ ਮੌਤ ਦੇ ਘਾਟ

03/14/2020 7:50:55 PM

ਫਿਰੋਜ਼ਪੁਰ,(ਮਲਹੋਤਰਾ, ਕੁਮਾਰ)– ਆਪਣੀ ਧੀ ਨਾਲ ਪ੍ਰੇਮ ਸਬੰਧ ਰੱਖਣ ਵਾਲੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਨਹਿਰ 'ਚ ਸੁੱਟਣ ਵਾਲੀ ਮਾਂ ਅਤੇ ਉਸ ਦੇ 2 ਸਾਥੀਆਂ ਖਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ। ਥਾਣਾ ਕੁਲਗੜ੍ਹੀ ਦੇ ਐੱਸ. ਆਈ. ਅਭਿਨਵ ਚੌਹਾਨ ਨੇ ਦੱਸਿਆ ਕਿ ਅਜੇ ਕੁਮਾਰ ਵਾਸੀ ਬਜੀਦਪੁਰ ਨੇ ਸੂਚਨਾ ਦਿੱਤੀ ਸੀ ਕਿ 13 ਫਰਵਰੀ ਨੂੰ ਉਸ ਦਾ ਭਰਾ ਸੁਖਰਾਜ ਦੁਪਹਿਰ ਦੇ ਸਮੇਂ ਅਚਾਨਕ ਘਰ ਤੋਂ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਰਹੀ। ਇਸ ਦੌਰਾਨ ਸ਼ੰਮੀ ਭੱਟੀ ਵਾਸੀ ਨਵਾਂ ਪੂਰਬਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਭਰਾ ਨੂੰ ਕਮਲੇਸ਼ ਵਾਸੀ ਬਜੀਦਪੁਰ, ਹਰਵਿੰਦਰ ਸਿੰਘ ਅਤੇ ਕਰਨਦੀਪ ਸਿੰਘ ਵਾਸੀਆਨ ਪਿੰਡ ਅੱਛੇਵਾਲਾ ਨੇ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਉਸ ਦੀ ਲਾਸ਼ ਲਖਮੀਰਪੁਰਾ ਪਿੰਡ ਦੇ ਕੋਲ ਨਹਿਰ 'ਚ ਸੁੱਟ ਦਿੱਤੀ। ਐੱਸ. ਆਈ. ਅਨੁਸਰ ਅਜੇ ਕੁਮਾਰ ਨੇ ਦੋਸ਼ ਲਾਏ ਕਿ ਉਸ ਦੇ ਭਰਾ ਸੁਖਰਾਜ ਦੇ ਕਮਲੇਸ਼ ਦੀ ਲੜਕੀ ਨਾਲ ਪ੍ਰੇਮ ਸਬੰਧ ਸੀ, ਜਿਨ੍ਹਾਂ ਦਾ ਕਮਲੇਸ਼ ਵਿਰੋਧ ਕਰਦੀ ਸੀ। ਇਸੇ ਰੰਜਿਸ਼ ਕਾਰਣ ਉਸ ਨੇ ਉਕਤ ਦੋਵਾਂ ਮੁਲਜ਼ਮਾਂ ਨਾਲ ਮਿਲ ਕੇ ਉਸ ਦੇ ਭਰਾ ਦਾ ਕਤਲ ਕਰ ਕੇ ਲਾਸ਼ ਸੁੱਟ ਦਿੱਤੀ। ਪੁਲਸ ਨੇ ਤਿੰਨਾਂ ਖਿਲਾਫ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa