ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਘਰ ਬੁਲਾ ਕੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ’ਚ ਮਾਂ- ਪੁੱਤਰ ’ਤੇ ਮਾਮਲਾ ਦਰਜ

12/23/2020 12:46:00 PM

ਫਿਰੋਜ਼ਪੁਰ(ਕੁਮਾਰ): ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਥਿਤ ਰੂਪ ’ਚ ਇਕ ਕਰੀਬ 25 ਸਾਲਾਂ ਦੇ ਨੌਜਵਾਨ ਨੂੰ ਘਰ ਬੁਲਾ ਕੇ ਉਸ ਦਾ ਕਤਲ ਕਰਨ ਦੇ ਦੋਸ਼ ’ਚ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਮਾਂ-ਪੁੱਤ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਫਿਰੋਜ਼ਪੁਰ ਸ਼ਹਿਰ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜੱਗਾ ਪੁੱਤਰ ਬਾਬਾ ਮੰਗਲ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਗਾਇਆ ਕਿ ਉਸ ਦੇ 25 ਸਾਲਾ ਭਰਾ ਕਿਸ਼ਨ ਨੂੰ ਦੋਸ਼ਣ ਗੀਤਾ ਉਰਫ ਦੇਵਾ ਪਤਨੀ ਸਤੀਸ਼ ਕੁਮਾਰ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਫੋਨ ਕਰਕੇ ਆਪਣੇ ਘਰ ਬੁਲਾਇਆ ਸੀ।

ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਭਰਾ ਕਿਸ਼ਨ ਦੇ ਨਾਲ ਗੀਤਾ ਉਰਫ ਦੇਵਾ ਦੇ ਘਰ ਚਲਾ ਗਿਆ, ਜਿਥੇ ਦੋਸ਼ੀ ਦੇਵਾ ਦਾ ਬੇਟਾ ਅਕਸ਼ੈ ਉਰਫ ਰੋਬਿਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸ਼ਿਕਾਇਤਕਰਤਾ ਦੇ ਭਰਾ ਨਾਲ ਝਗੜਾ ਕਰਨ ਲੱਗ ਪਿਆ ਅਤੇ ਦੋਸ਼ੀ ਅਕਸ਼ੈ ਘਰ ’ਚੋੋਂ ਬੇਸਬਾਲ ਲੈ ਆਇਆ, ਜਿਸਨੇ ਕਿਸ਼ਨ ਦੇ ਸਿਰ ’ਚ ਬੇਸਬਾਲ ਮਾਰਿਆ ਅਤੇ ਗੀਤਾ ਉਰਫ ਦੇਵਾ ਨੇ ਕਮਰੇ ਅੰਦਰੋਂ ਕੋਈ ਜ਼ਹਿਰੀਲੀ ਚੀਜ਼ ਲਿਆ ਕੇ ਕਿਸ਼ਨ ਦੇ ਮੂੰਹ ’ਚ ਪਾ ਦਿੱਤੀ ਤੇ ਖ਼ੁਦ ਫਰਾਰ ਹੋ ਗਏ।

ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾ ’ਚ ਦੱਸਿਆ ਕਿ ਕਿਸ਼ਨ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿਥੇ ਕਿਸ਼ਨ ਦੀ ਇਲਾਜ ਦੌਰਾਨ ਮੌਤ ਹੋ ਗਈ। ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਗੀਤਾ ਉਰਫ ਦੇਵਾ ਨੇ ਸ਼ਿਕਾਇਤਕਰਤਾ ਦੇ ਭਰਾ ਕਿਸ਼ਨ ਤੋਂ ਪੈਸੇ ਲੈਣੇ ਸਨ, ਜਦ ਉਹ ਦੇ ਨਹੀਂ ਰਿਹਾ ਸੀ ਤਾਂ ਇਸੇ ਗੁੱਸੇ ’ਚ ਆ ਕੇ ਉਨ੍ਹਾਂ ਨੇ ਕਿਸ਼ਨ ਦੇ ਨਾਲ ਮਾਰਕੁੱਟ ਕੀਤੀ ਤੇ ਉਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਾਮਜਦ ਦੋਵਾਂ ਮਾਂ ਬੇਟੇ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਦੇ ਹੋਏ ਪੁਲਸ ਵੱਲੋਂ ਉਨ੍ਹਾਂ ਨੂੰ ਗ਼ਿ੍ਰਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


Aarti dhillon

Content Editor

Related News