ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ‘ਤੇ ਲਾਇਆ ਮੋਰਚਾ 95ਵੇਂ ਦਿਨ ’ਚ ਦਾਖ਼ਲ

01/04/2021 5:50:32 PM

ਬੁਢਲਾਡਾ(ਬਾਂਸਲ): ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਪੂਰੇ ਜਲੌਅ ‘ਤੇ ਹੈ। ਕਿਰਤੀਆਂ-ਕਿਸਾਨਾਂ ਸਣੇ ਸਮਾਜ ਦੇ ਹਰ ਹਿੱਸੇ ਦੇ ਲੋਕ ਜੰਗੀ ਫੌਜੀਆਂ ਵਾਂਗ ਦਿੱਲੀ ਦੀਆਂ ਸਰਹੱਦਾਂ ਵੱਲ ਚਾਲੇ ਪਾ ਰਹੇ ਹਨ। ਪੋਹ-ਮਾਘ ਦੀਆਂ ਹੱਡ ਚੀਰਦੀਆਂ ਹਵਾਵਾਂ ਅਤੇ ਠੰਡੀਆਂ ਰਾਤਾਂ ’ਚ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਬੁਢਲਾਡਾ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ‘ਤੇ 2 ਅਕਤੂਬਰ ਤੋਂ ਆਰੰਭਿਆ ਅੱਠ ਸ਼ਹਿਰਾਂ ਦਾ ਘਿਰਾਓ ਰੂਪੀ ਧਰਨਾ ਅੱਜ 95ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ।

ਅੱਜ ਕਿਸਾਨਾਂ ਦੇ ਇਕੱਠ ਨੂੰ ਦੇਸ਼ ਵਿਆਪੀ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਵਰਨਜੀਤ ਸਿੰਘ, ਮਹਿੰਦਰ ਸਿੰਘ ਦਿਆਲਪੁਰਾ, ਸਵਰਨ ਸਿੰਘ ਬੋੜਾਵਾਲ, ਸਤਪਾਲ ਸਿੰਘ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਅਤੇ ਅਜ਼ਾਦੀ ਤੋਂ ਬਾਅਦ ਪੈਰਾਂ ਸਿਰ ਕਰਨ ’ਚ ਦੇਸ਼ ਦੇ ਕਿਰਤੀਆਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਦੁਸ਼ਮਣ ਦੇਸ਼ਾਂ ਤੋਂ ਰਾਖੀ ਕਰਦਿਆਂ ਆਪਣੀਆਂ ਜਾਨਾਂ ਦੀ ਅਹੂਤੀ ਵੀ ਕਿਰਤੀਆਂ ਦੇ ਨੌਜਵਾਨਾਂ ਨੇ ਹੀ ਦਿੱਤੀ ਹੈ। ਇਸ ਕਰਕੇ ਦੇਸ਼ ਦੇ ਲੋਕ ਲੋਟੂ ਹਾਕਮਾਂ ਦੇ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।


Aarti dhillon

Content Editor

Related News