ਮੋਗਾ: ਸਟਾਫ ਦੀ ਲਾਪਰਵਾਹੀ ਦੇ ਚੱਲਦੇ 2 ਔਰਤਾਂ ਨੇ ਫਰਸ਼ 'ਤੇ ਬੱਚੇ ਨੂੰ ਦਿੱਤਾ ਜਨਮ

01/09/2020 11:16:04 AM

ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਹਸਪਤਾਲ 'ਚ ਗਰਭਵਤੀ ਔਰਤਾਂ ਨੂੰ ਵੀ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਮੋਗਾ ਦੇ ਸਰਕਾਰੀ ਹਸਪਤਾਲ ਦਾ ਹੈ, ਜਿੱਥੇ ਸਟਾਫ ਦੀ ਲਾਪਰਵਾਹੀ ਦੇ ਚੱਲਦੇ 2 ਔਰਤਾਂ ਦੀ ਡਿਲਿਵਰੀ ਫਰਸ਼ 'ਤੇ ਹੀ ਹੋ ਗਈ।

PunjabKesari

ਮਰੀਜ਼ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੀ ਰਾਤ 2 ਗਰਭਵਤੀ ਔਰਤਾਂ ਨੂੰ ਸਿਵਿਲ ਹਸਪਤਾਲ ਮੋਗਾ ਲਿਆਂਦਾ ਗਿਆ, ਪਰ ਸਿਵਿਲ ਹਸਪਤਾਲ ਦੇ ਸਟਾਫ ਵਲੋਂ ਲਾਪਰਵਾਹੀ ਵਰਤਦੇ ਹੋਏ ਦੋਵਾਂ ਦੀ ਡਿਲਵਰੀ ਫਰਸ਼ 'ਤੇ ਹੀ ਹੋ ਗਈ। ਜਦੋਂ ਉਨ੍ਹਾਂ ਨੇ ਸਿਵਿਲ ਹਸਪਤਾਲ ਦੇ ਸਟਾਫ ਨੂੰ ਗਰਭਵਤੀ ਔਰਤਾਂ ਦੇ ਦਰਦ ਦੇ ਬਾਰੇ ਦੱਸਿਆ ਤਾਂ ਸਿਵਿਲ ਹਸਪਤਾਲ ਦਾ ਸਟਾਫ ਕਮਰੇ 'ਚ ਹੀਟਰ ਲਗਾ ਕੇ ਆਰਾਮ ਫਰਮਾ ਰਿਹਾ ਸੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਕਿ ਡਿਲਿਵਰੀ ਦਾ ਅਜੇ ਸਮਾਂ ਨਹੀਂ ਹੈ ਅਤੇ ਡਿਲਿਵਰੀ ਸਵੇਰੇ ਹੀ ਹੋਵੇਗੀ।

ਦੂਜੇ ਪਾਸੇ ਗਰਭਵਤੀ ਔਰਤ ਨੇ ਮੰਗ ਕੀਤੀ ਹੈ ਕਿ ਜਿਵੇਂ ਉਨ੍ਹਾਂ ਦੇ ਨਾਲ ਹੋਇਆ ਹੋਰ ਕਿਸੇ ਨਾਲ ਅਜਿਹਾ ਨਾ ਹੋਵੇ। ਬੀਤੀ ਰਾਤ ਇੰਨੀਂ ਦਰਦ ਹੋਣ ਦੇ ਬਾਵਜੂਦ ਵੀ ਸਟਾਫ ਨੇ ਉਸ ਦੀ ਇਕ ਨਾ ਸੁਣੀ ਅਤੇ ਦਰਦ ਨਾ ਸਹਿਦੇ ਹੋਏ ਮਜ਼ਬੂਰਨ ਫਰਸ਼ 'ਤੇ ਹੀ ਡਿਲਿਵਰੀ ਕਰਨੀ ਪਈ।ਇਸ ਮਾਮਲੇ 'ਚ ਜਦੋਂ ਮੋਗਾ ਦੇ ਸੀ.ਐੱਮ.ਓ. ਡਾ. ਰਾਜੇਸ਼ ਅਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੱਚਾ-ਬੱਚਾ ਦੇ ਸਟਾਫ ਵਲੋਂ ਉਨ੍ਹਾਂ ਦੇ ਕੋਲ ਵੀ ਇਕ ਸ਼ਿਕਾਇਤ ਆਈ ਹੈ ਕਿ ਬੀਤੀ ਰਾਤ ਡਿਲਵਰੀ ਕਰਵਾਉਣ ਆਏ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਗਈ ਹੈ ਅਤੇ ਫਿਲਹਾਲ ਡਿਲਿਵਰੀ ਫਰਸ਼ 'ਤੇ ਹੋਈ ਹੈ ਜਾਂ ਨਹੀਂ ਇਸ ਦੀ ਜਾਂਚ ਹੋ ਰਹੀ ਹੈ। ਡਾਕਟਰ ਰਾਜੇਸ਼ ਨੇ ਕਿਹਾ ਕਿ ਜੇਕਰ ਕੋਈ ਪੈਸੇ ਲੈਂਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਅਜਿਹੀਆਂ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਪਹਿਲਾਂ ਵੀ ਆਈਆਂ ਸਨ, ਜਿਸ ਦੇ ਚੱਲਦੇ 2 ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਨੇ ਕੱਢ ਦਿੱਤਾ ਸੀ। ਨਾਲ ਹੀ ਉਨ੍ਹਾਂ ਨੇ ਥਾਂ-ਥਾਂ 'ਤੇ ਲਿਖ ਕੇ ਲਗਾਇਆ ਹੋਇਆ ਹੈ ਕਿ ਜੇਕਰ ਕੋਈ ਹਸਪਤਾਲ ਦਾ ਸਟਾਫ ਪੈਸੇ ਲੈਂਦਾ ਹੈ ਤਾਂ ਉਹ ਦਿੱਤੇ ਗਏ ਫੋਨ ਨੰਬਰ 'ਤੇ ਗੱਲ ਕਰ ਸਕਦੇ ਹਨ।


Shyna

Content Editor

Related News