ਮੋਗਾ ਜ਼ਿਲ੍ਹੇ ''ਚ 55 ਮੈਰਿਜ ਪੈਲੇਸ ਬੰਦ ਹੋਣ ਨਾਲ ਕਰੋੜਾਂ ਦਾ ਕਾਰੋਬਾਰ ਹੋਇਆ ਤਬਾਹ

09/11/2020 2:30:24 AM

ਮੋਗਾ,(ਗੋਪੀ ਰਾਊਕੇ)-ਵਿਸ਼ਵ ਪੱਧਰ 'ਤੇ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਪੰਜਾਬ ਸਰਕਾਰ ਵਲੋਂ ਕਰਫਿਉੂ ਅਤੇ ਤਾਲਾਬੰਦੀ ਦੌਰਾਨ ਇਕ-ਇਕ ਕਰ ਕੇ ਸਾਰੇ ਕਾਰੋਬਾਰਾਂ ਨੂੰ ਨਿਯਮਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਉੱਥੇ ਦੂਜੇ ਪਾਸੇ ਪਿਛਲੇ ਪੰਜ ਮਹੀਨਿਆਂ ਤੋਂ ਵੀ ਬੰਦ ਪਏ ਮੈਰਿਜ ਪੈਲੇਸਾਂ ਨੂੰ ਹਾਲੇ ਤੱਕ ਖੋਲ੍ਹਣ ਦੀ ਆਗਿਆ ਨਾ ਦਿੱਤੇ ਜਾਣ ਮਗਰੋਂ ਮੈਰਿਜ ਪੈਲੇਸ ਮਾਲਕਾਂ ਦਾ ਸਮੁੱਚਾ ਕਾਰੋਬਾਰ 'ਠੱਪ' ਪਿਆ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਮੈਰਿਜ਼ ਪੈਲੇਸਾਂ ਨੂੰ ਐਤਕੀ ਕਰੋੜਾਂ ਰੁਪਏ ਦਾ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ 'ਤੇ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਮੈਰਿਜ਼ ਪੈਲੇਸ ਮਾਲਕਾਂ ਦੀ ਹਾਲੇ ਤੱਕ ਸਰਕਾਰ ਨੇ ਗੱਲ ਨਹੀਂ ਸੁਣੀ ਹੈ ਜਦੋਂਕਿ ਪੈਲੇਸ ਮਾਲਕ ਘੱਟ ਗਿਣਤੀ ਨਾਲ ਨਿਯਮਾਂ ਤਹਿਤ ਪੈਲੇਸ ਖੋਲ੍ਹਣ ਦੀ ਮੰਗ ਕਰ ਰਹੇ ਹਨ।
'ਜਗ ਬਾਣੀ' ਵਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਮੋਗਾ ਜ਼ਿਲੇ 'ਚ ਲਗਭਗ 55 ਮੈਰਿਜ਼ ਪੈਲੇਸ ਬੰਦ ਹਨ। ਇਸ ਨਾਲ ਪੈਲੇਸ ਮਾਲਕਾਂ ਦੇ ਕਾਰੋਬਾਰ ਨੂੰ ਤਾਂ ਵੱਡਾ ਆਰਥਿਕ ਘਾਟਾ ਪਿਆ ਹੀ ਹੈ ਸਗੋਂ ਇਸ ਨਾਲ ਪੈਲੇਸ ਵਿਚ ਕੰਮ ਕਰਦੇ ਹੋਰ ਮਜ਼ਦੂਰ ਤੇ ਮੁਲਾਜ਼ਮ ਵੀ ਵਿਹਲੇ ਹੋ ਗਏ ਹਨ। ਮੈਰਿਜ ਪੈਲੇਸ ਮਾਲਕਾਂ ਦਾ ਦੱਸਣਾ ਸੀ ਕਿ ਸਰਕਾਰ ਵਲੋਂ ਵਿਆਹ ਸਮਾਗਮਾਂ 'ਤੇ ਸੌ ਵਿਅਕਤੀਆਂ ਦਾ ਇਕੱਠ ਕਰ ਸਕਣ ਦੇ ਜਾਰੀ ਕੀਤੇ ਆਦੇਸ਼ਾਂ ਨਾਲ ਇਕ ਦਫ਼ਾ ਮੈਰਿਜ਼ ਪੈਲੇਸ ਮਾਲਕਾਂ ਨੂੰ ਇਹ ਆਸ ਬੱਝੀ ਸੀ ਕਿ ਹੌਲੀ-ਹੌਲੀ ਉਨ੍ਹਾਂ ਦਾ ਤਬਾਹ ਹੋਇਆ ਕਾਰੋਬਾਰ ਮੁੜ ਪਟੜੀ 'ਤੇ ਆਉਣ ਲੱਗੇਗਾ, ਪਰ ਸਰਕਾਰ ਵਲੋਂ ਫਿਰ ਨਵੇਂ ਹੁਕਮ ਜਾਰੀ ਕਰਦਿਆਂ ਵਿਆਹ ਸਮਾਗਮਾਂ ਵਿਚ ਗਿਣਤੀ 30 ਕਰਨ ਦੇ ਜਾਰੀ ਕੀਤੇ ਆਦੇਸ਼ਾਂ ਨਾਲ ਮੈਰਿਜ ਪੈਲੇਸ ਮਾਲਕਾਂ ਦੀਆਂ ਆਸਾਂ 'ਤੇ ਫਿਰ ਪਾਣੀ ਫਿਰ ਗਿਆ ਹੈ। ਮੈਰਿਜ ਪੈਲੇਸਾਂ ਤੇ ਹੋਰ ਸਮਾਗਮਾਂ ਵਿਚ ਕੰਮ ਕਰਨ ਵਾਲੇ ਸੁੱਖਾ ਦਾ ਕਹਿਣਾ ਸੀ ਕਿ ਪੈਲੇਸਾਂ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਜ਼ਾਰਾਂ ਕਾਰੀਗਰ ਤੇ ਮਜ਼ਦੂਰ ਵੀ ਹੱਥ 'ਤੇ ਹੱਥ ਧਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਕਰ ਕੇ ਸਾਵਧਾਨੀਆਂ ਵਰਤਣ ਲਈ ਹਰ ਕੋਈ ਵਚਨਬੱਧ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਬਿਪਤਾ ਦੀ ਘੜੀ ਵਿਚ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇ ਹੱਲ ਲਈ ਆਪਣਾ ਬਣਦਾ ਸਾਰਥਿਕ ਰੋਲ ਅਦਾ ਕਰੇ।

ਸਾਵਧਾਨੀਆਂ ਵਰਤਣ ਲਈ ਤਿਆਰ ਹਾਂ ਸਰਕਾਰ ਹੋਰ ਕਾਰੋਬਾਰਾਂ ਦੀ ਤਰ੍ਹਾਂ ਮੈਰਿਜ਼ ਪੈਲੇਸ ਖੋਲ੍ਹਣ ਦੀ ਇਜਾਜ਼ਤ ਦੇਵੇ : ਨਿੱਪੀ ਮੋਗਾ
ਸਨਬੀਮ ਰਿਜ਼ੋਰਟ ਡਾਲਾ (ਮੋਗਾ) ਦੇ ਮਾਲਕ ਨਿੱਪੀ ਦਾ ਕਹਿਣਾ ਸੀ ਕਿ ਸਮੁੱਚੇ ਮੈਰਿਜ ਪੈਲੇਸ ਮਾਲਕ ਸਰਕਾਰੀ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵਚਨਬੱਧ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੂਜੇ ਕਾਰੋਬਾਰਾਂ ਦੀ ਤਰ੍ਹਾਂ ਮੈਰਿਜ ਪੈਲੇਸ ਖੋਲ੍ਹਣ ਦੀ ਇਜਾਜ਼ਤ ਵੀ ਦੇਵੇ। ਉਨ੍ਹਾਂ ਕਿਹਾ ਕਿ ਮੈਰਿਜ਼ ਪੈਲੇਸਾਂ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਜੁਗਾੜ ਚੱਲਦਾ ਹੈ ਤੇ ਸਰਕਾਰ ਨੂੰ ਹੋਰਨਾਂ ਵਰਗਾਂ ਦੀ ਤਰ੍ਹਾਂ ਮੈਰਿਜ਼ ਪੈਲਸ ਮਾਲਕਾਂ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ।

ਕੇਂਦਰ ਸਰਕਾਰ ਦੇ ਆਦੇਸ਼ਾਂ ਨੂੰ ਲਾਗੂ ਕਰੇ ਪੰਜਾਬ ਸਰਕਾਰ : ਪ੍ਰਧਾਨ ਸੰਧੂ
ਮੈਰਿਜ ਪੈਲੇਸ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਦੀਪਿੰਦਰ ਸੰਧੂ ਨੇ ਸੰਪਰਕ ਕਰਨ 'ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਪੰਜਾਬ ਸਰਕਾਰ ਵੀ ਲਾਗੂ ਕਰੇ ਤਾਂ ਜੋ ਮੈਰਿਜ਼ ਪੈਲੇਸਾਂ ਵਿਚ ਵਿਆਹ ਸਮਾਗਮ ਸ਼ੁਰੂ ਹੋ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇਗਾ, ਪ੍ਰੰਤੂ ਹੁਣ ਫਿਰ ਵਿਆਹ ਸਮਾਗਮ ਲਈ 30 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਹੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਨਾਲ ਜੁੜੇ ਹਜ਼ਾਰਾ ਲੋਕ ਪ੍ਰਭਾਵਿਤ ਹਨ, ਜਿਨ੍ਹਾਂ ਦੀ ਮੰਗ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
 


Deepak Kumar

Content Editor

Related News