ਮੋਗਾ 'ਚ ਹੜ੍ਹ ਦਾ ਕਹਿਰ:ਪਿੰਡ ਬੱਗੇ ਤੋਂ ਸੇਮਨਾਲਾ ਵੀ ਟੁੱਟਿਆ, ਕਈ ਪਿੰਡ ਪ੍ਰਭਾਵਿਤ

08/21/2019 10:46:11 AM

ਫਤਿਹਗੜ੍ਹ ਪੰਜਤੂਰ (ਜ.ਬ.)—ਸਤਲੁਜ ਦਰਿਆ 'ਚ ਆਏ ਹੜ੍ਹ ਕਾਰਨ ਪਿੰਡ ਸ਼ੇਰੇ ਵਾਲਾ, ਪਰੱਲੀ ਵਾਲਾ, ਕੌਡੀ ਵਾਲਾ, ਸੰਗੇੜਾ ਆਦਿ ਤਾ ਪਹਿਲਾ ਹੀ ਪਾਣੀ ਦੀ ਮਾਰ ਝੱਲ ਰਹੇ ਸਨ, ਪਰ ਬੀਤੇ ਕੱਲ ਪਿੰਡ ਬੱਗੇ ਤੋਂ ਸੇਮਨਾਲਾ ਟੁੱਟ ਗਿਆ ਹੈ ਜਿਸ ਨੂੰ ਬੰਦ ਕਰਨ ਲਈ ਪਿੰਡ ਵਾਸੀਆਂ ਵਲੋਂ ਪੂਰੀ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਸ਼ੇਰੇਵਾਲਾ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਦੱਸਿਆ ਕਿ ਇਹ ਸੇਮਨਾਲਾ ਪਿੰਡ ਬੱਗੇ ਕੋਲੋਂ 6 ਵਾਰ ਨਹਿਰ 'ਚੋਂ ਨਿਕਲ ਕੇ ਸਤਲੁਜ ਦਰਿਆ ਵਿਚ ਜਾਕੇ ਮਿਲਦਾ ਸੀ, ਪਰ ਹੁਣ ਸਤਲੁਜ 'ਚ ਆਏ ਹੜ ਕਾਰਣ ਸਤਲੁਜ ਦਾ ਪਾਣੀ ਵੱਡੀ ਮਾਤਰਾ 'ਚ ਇਸ ਸੇਮ ਨਾਲੇ ਵਿਚ ਆ ਗਿਆ, ਜਿਸ ਕਾਰਣ ਉਕਤ ਸੇਮਨਾਲਾ ਪਾਣੀ ਦੀ ਮਾਰ ਨਾ ਝਲਦਿਆਂ ਟੁੱਟ ਗਿਆ।

ਉਨ੍ਹਾਂ ਦੱਸਿਆ ਕਿ ਇਸ ਨੂੰ ਬੰਦ ਕਰਨ ਲਈ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਸੇਮਨਾਲੇ ਨੂੰ ਬੰਦ ਕਰਨ ਲਈ ਨਾ ਤਾਂ ਡਰੇਨਜ਼ ਵਿਭਾਗ ਵਲੋਂ ਕੋਈ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਪ੍ਰਸ਼ਾਸਨ ਵਲੋਂ ਇਸ ਨੂੰ ਬੰਦ ਕਰਨ 'ਚ ਕੋਈ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਉਕਤ ਸੇਮਨਾਲਾ ਬੰਦ ਨਾ ਹੋਇਆ ਤਾਂ ਇਸ ਦੀ ਲਪੇਟ 'ਚ ਕੰਨੀਆਂ ਖਾਸ, ਦੌਲੇ ਵਾਲਾ, ਕਾਸ਼ੇ ਵਾਲਾ, ਤੋਤਾ ਸਿੰਘ ਵਾਲਾ, ਭੈਣੀ, ਰਾਊਵਾਲ, ਮੇਲਕ, ਖੰਬੇ, ਸੈਦੇ ਸ਼ਾਹ, ਅਕਾਲੀਆਂ ਵਾਲਾ, ਤੱਖਤੂ ਵਾਲਾ, ਮਦਾਰਪੁਰ, ਲਲਹਾਂਦੀ ਕਾਹਨੇ ਵਾਲਾ ਆਦਿ ਪਿੰਡ ਵੀ ਇਸਦੀ ਲਪੇਟ 'ਚ ਆ ਸਕਦੇ ਹਨ ।

Shyna

This news is Content Editor Shyna