ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 25 ਨਵੇਂ ਕੇਸ ਪਾਜ਼ੇਟਿਵ,ਗਿਣਤੀ ਹੋਈ 1863

09/15/2020 12:17:20 AM

ਮੋਗਾ, (ਸੰਦੀਪ ਸ਼ਰਮਾ)- ਜ਼ਿਲ੍ਹੇ ’ਚ ਕੋਵਿਡ-19 ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਜਿਥੇ ਕੋਰੋਨਾ ਪਾਜ਼ੇਟਿਵ ਆਏ 68 ਸਾਲਾ ਵਿਅਕਤੀ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਮੌਤ ਹੋਈ, ਉਥੇ ਜ਼ਿਲੇ ਦੇ ਪਿੰਡ ਰਾਊਕੇ ਕਲਾਂ ਦੀ ਕੋਰੋਨਾ ਪਾਜ਼ੇਟਿਵ ਆਈ ਔਰਤ ਦੀ ਵੀ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ, ਜਿਸ ਉਪਰੰਤ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦੀ ਕੁੱਲ ਗਿਣਤੀ 50 ਹੋ ਗਈ ਹੈ, ਉਥੇ ਅੱਜ ਜ਼ਿਲੇ ਵਿਚ 25 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁਲ ਅੰਕੜਾ 1863 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਜ਼ਿਲੇ ਵਿਚ ਅੱਜ ਆਏ ਪਾਜ਼ੇਟਿਵ ਮਾਮਲਿਆਂ ਵਿਚ 21 ਮਰੀਜ਼ ਆਰ. ਟੀ. ਪੀ. ਸੀ. ਆਰ., 4 ਮਰੀਜ਼ ਐਂਟੀਜ਼ਨ ਦੇ ਜ਼ਰੀਏ ਕੀਤੀ ਗਈ ਜਾਂਚ ਦੌਰਾਨ ਪਾਜ਼ੇਟਿਵ ਪਾਏ ਗਏ ਹਨ, ਉਥੇ ਹੁਣ ਸਿਹਤ ਵਿਭਾਗ ਨੂੰ 211 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ।

ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਅੱਜ ਤੱਕ ਕੀਤੇ ਗਏ ਕੋਰੋਨਾ ਟੈਸਟਾਂ ਵਿਚੋਂ 34,705 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਸਿਵਲ ਸਰਜਨ ਅਨੁਸਾਰ 396 ਪਾਜ਼ੇਟਿਵ ਮਰੀਜ਼ਾਂ ਦੇ ਕੋਵਿਡ-19 ਤਹਿਤ ਨਿਰਧਾਰਿਤ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ, ਉਥੇ ਕੁੱਲ 1324 ਕੋਰੋਨਾ ਨਾਲ ਪੀੜਤ ਆਏ ਮਰੀਜ਼ਾਂ ਨੂੰ ਉਨ੍ਹਾਂ ਦੇ ਠੀਕ ਹੋਣ ਅਤੇ ਰਿਪੋਰਟ ਨੈਗੇਟਿਵ ਆਉਣ ਉਪਰੰਤ ਡਿਸਚਾਰਜ ਕਰ ਕੇ ਉਨ੍ਹਾਂ ਨੂੰ ਘਰਾਂ ਵਿਚ ਭੇਜ ਦਿੱਤਾ ਗਿਆ ਹੈ।

ਸ਼ਹਿਰ ਦੇ ਦੋ ਧਿਰਾਂ ’ਚ ਸਥਾਪਤ ਕੀਤੇ ਗਏ ਹਨ ਮਾਈਕਰੋ ਕੰਟੇਨਮੈਂਟ ਜ਼ੋਨ

ਸਿਹਤ ਵਿਭਾਗ ਵਲੋਂ ਕੋਵਿਡ-19 ਤਹਿਤ ਨਿਰਧਾਰਿਤ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਇਕ ਹੀ ਪਰਿਵਾਰ ਜਾਂ ਇਲਾਕੇ ਨਾਲ ਇਕ ਸਾਥ 5 ਜਾਂ ਇਸ ਤੋਂ ਜ਼ਿਆਦਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਚੱਲਦੇ ਸ਼ਹਿਰ ਦੇ ਪੱਤੀ ਉਸੰਗ ਅਤੇ ਅਹਾਤਾ ਬਦਨ ਸਿੰਘ ਦੇ ਕੁਝ ਪ੍ਰਭਾਵਿਤ ਇਲਾਕੇ ਵਿਚ ਮਾਈਕਰੋਕੰਟੇਨਮੈਂਟ ਜ਼ੋਨ ਸਥਾਪਤ ਕੀਤੇ ਗਏ ਹਨ ਅਤੇ ਇਨ੍ਹਾਂ ਇਲਾਕਿਆਂ ’ਚ ਰਹਿਣ ਵਾਲੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤਾਂ ਦੇਣ ਦੇ ਨਾਲ-ਨਾਲ ਨਿਗਰਾਨੀ ਵੀ ਕੀਤੀ ਜਾ ਰਹੀ ਹੈ।

ਜ਼ਿਲੇ ’ਚ ਹੁਣ ਕੁਲ 457 ਐਕਟਿਵ ਮਾਮਲੇ, ਜਾਂਚ ਲਈ 460 ਸ਼ੱਕੀ ਲੋਕਾਂ ਦੇ ਲਏ ਸੈਂਪਲ : ਡਾ. ਬਾਜਵਾ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜੇਕਰ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ 457 ਮਾਮਲੇ ਐਕਟਿਵ ਹਨ, ਉਥੇ ਸਿਹਤ ਵਿਭਾਗ ਵਲੋਂ ਪਹਿਲਾਂ ਸਾਹਮਣੇ ਆ ਚੁੱਕੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਵਿਚ ਆਉਣ ਵਾਲਿਆਂ ਸਮੇਤ ਆਪਣੀ ਜਾਂਚ ਕਰਵਾਉਣ ਦੇ ਇੱਛੁਕ ਨਵੇਂ ਸ਼ੱਕੀ ਲੋਕਾਂ ਦੇ ਅੱਜ ਵੀ ਕੁੱਲ 460 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਉਥੇ ਹੀ ਅੱਜ ਸਾਹਮਣੇ ਆਉਣ ਵਾਲੇ ਮਰੀਜ਼ਾਂ ਵਿਚ ਸਥਾਨਕ ਗੀਤਾ ਕਾਲੋਨੀ, ਕ੍ਰਿਸ਼ਨਾ ਨਗਰ, ਮੁਹੱਲਾ ਸੋਢੀਆਂ, ਚੜਿੱਕ ਰੋਡ, ਚੜਿੱਕ ਚੌਂਕ, ਵੇਦਾਂਤ ਨਗਰ, ਸਰਦਾਰ ਨਗਰ, ਗੁਰੂ ਰਾਮਦਾਸ ਨਗਰ ਦੇ ਨਾਲ-ਨਾਲ ਜ਼ਿਲੇ ਦੇ ਪਿੰਡ ਕੋਕਰੀ ਕਲਾਂ, ਕਾਲੀਏ ਵਾਲਾ, ਕਸਬਾ ਕੋਟ ਈਸੇ ਖਾਂ ਅਤੇ ਅਜੀਤਵਾਲ ਇਲਾਕਿਆਂ ਨਾਲ ਸਬੰਧਤ ਮਰੀਜ਼ ਸ਼ਾਮਲ ਹਨ।


Bharat Thapa

Content Editor

Related News