ਮੋਗਾ : ਪਿੰਡ ਦੌਧਰ ''ਚ ਸਰਪੰਚ ਦੇ ਗੰਨਮੈਨ ਨੇ ਕੀਤੀ ਖੁਦਕੁਸ਼ੀ

01/27/2020 10:44:27 PM

ਮੋਗਾ,(ਗੋਪੀ ਰਾਊਕੇ)-ਜ਼ਿਲਾ ਮੋਗਾ ਦੇ ਪਿੰਡ ਦੌਧਰ ਦੇ ਸਰਪੰਚ ਸੁਖਦੀਪ ਸਿੰਘ ਸਿੱਧੂ ਦੇ ਗੰਨਮੈਨ ਪਰਮਿੰਦਰ ਸਿੰਘ ਪਿੰਟੀ ਨੇ ਅੱਜ ਦੇਰ ਸ਼ਾਮ ਆਪਣੇ ਆਪ ਨੂੰ ਸਰਵਿਸ ਗੰਨ ਨਾਲ ਗੱਡੀ ਵਿਚ ਬੈਠ ਕੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਜ਼ਿਲਾ ਮਾਨਸਾ ਦੇ ਪਿੰਡ ਬੀਰ ਕਲਾਂ ਦਾ ਪਰਮਿੰਦਰ ਸਿੰਘ ਪਿਛਲੇ ਕੁੱਝ ਸਮੇਂ ਤੋਂ ਸਰਪੰਚ ਸੁਖਦੀਪ ਸਿੰਘ ਸਿੱਧੂ ਦੌਧਰ ਨਾਲ ਬਤੌਰ ਗੰਨਮੈਨ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਅੱਜ ਅਚਾਨਕ ਉਸਨੇ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਉਚੇ ਲੰਮੇ ਕੱਦ ਦਾ ਪਰਮਿੰਦਰ ਸਿੰਘ ਕਬੱਡੀ ਖੇਡ ਦਾ ਵੀ ਨਾਮਵਰ ਖਿਡਾਰੀ ਸੀ। ਸਰਪੰਚ ਸੁਖਦੀਪ ਸਿੰਘ ਸਿੱਧੂ ਦੌਧਰ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਮਹਿਣਾ ਵਿਖੇ ਗਏ ਸਨ, ਪਿੱਛੋਂ ਅਚਾਨਕ ਗੰਨਮੈਨ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਮੌਕੇ 'ਤੇ ਪੁੱਜੇ ਨਿਹਾਲ ਸਿੰਘ ਵਾਲਾ ਦੇ ਡੀ. ਐਸ. ਪੀ. ਮਨਜੀਤ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪਰਮਿੰਦਰ ਨੇ ਖੁਦਕੁਸ਼ੀ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ।

 


Related News