ਪੰਜਾਬ ਸਰਕਾਰ ਦੇ ਹੁਕਮਾਂ ਨੂੰ ਜ਼ਿਲਾ ਪ੍ਰਸ਼ਾਸਨ ਨੇ ਟੰਗਿਆ ''ਛਿੱਕੇ'', ਸਾਂਝੀ ਰਸੋਈ 2 ਮਹੀਨਿਆਂ ਤੋਂ ਬੰਦ

01/06/2020 10:36:47 AM

ਮੋਗਾ (ਗੋਪੀ ਰਾਊਕੇ): ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸੂਬਾ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਕਿਸੇ ਲੋੜਵੰਦ ਵਸਨੀਕ ਨੂੰ ਰੋਟੀ ਮੁਹੱਈਆ ਕਰਵਾਉਣ ਲਈ ਸੂਬੇ ਦੇ ਹਰ ਸ਼ਹਿਰ 'ਚ ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ 'ਤੇ 'ਸਾਂਝੀ ਰਸੋਈ' ਖੋਲ੍ਹੀ ਜਾਵੇਗੀ ਤਾਂ ਜੋ ਪੰਜਾਬ ਦਾ ਕੋਈ ਵੀ ਵਸਨੀਕ ਰੋਟੀ ਤੋਂ ਭੁੱਖਾ ਨਾ ਰਹੇ। ਇਸੇ ਕੜੀ ਤਹਿਤ ਹੀ ਸੂਬੇ 'ਚ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਤੋਂ ਮਗਰੋਂ ਜ਼ਿਲਾ ਪ੍ਰਸ਼ਾਸਨ ਮੋਗਾ ਵੱਲੋਂ ਲਗਭਗ ਸਵਾ 2 ਵਰ੍ਹੇ ਪਹਿਲਾਂ ਨਗਰ ਨਿਗਮ ਮੋਗਾ ਦੇ ਅੰਦਰ 'ਸਾਂਝੀ ਕਮਿਊਨਿਟੀ ਰਸੋਈ' ਖੋਲ੍ਹ ਕੇ ਸ਼ਹਿਰ ਵਾਸੀਆਂ ਨੂੰ 10 ਰੁਪਏ ਰੋਜ਼ਾਨਾ ਭੋਜਨ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ।

ਦੱਸਣਾ ਬਣਦਾ ਹੈ ਕਿ ਇਸ ਦੇ ਉਦਘਾਟਨ ਸਮੇਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਆਪੋ-ਆਪਣੇ ਭਾਸ਼ਣਾਂ 'ਚ ਇਹ ਦਾਅਵਾ ਕੀਤਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਹੁਣ ਸ਼ਹਿਰ ਦਾ ਕੋਈ ਵੀ ਵਸਨੀਕ ਭੁੱਖਾ ਨਹੀਂ ਰਹੇਗਾ। 'ਸਾਂਝੀ ਰਸੋਈ' ਦੇ ਇਸ ਪ੍ਰਾਜੈਕਟ ਨੂੰ ਭਾਵੇਂ ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰ ਦੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਸੀ ਪਰ ਹੁਣ ਪਿਛਲੇ ਦੋ ਮਹੀਨਿਆਂ ਤੋਂ ਇਹ ਰਸੋਈ ਬਿਨਾਂ ਦੱਸੇ ਬੰਦ ਕਰਨ ਕਰ ਕੇ ਸ਼ਹਿਰ ਦੇ ਗੁਰਬੱਤ ਮਾਰੇ ਉਨ੍ਹਾਂ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ, ਜੋ ਇਸ ਰਸੋਈ ਤੋਂ ਭੋਜਨ ਲੈ ਕੇ ਆਪਣੇ ਪੇਟ ਦੀ ਅਗਨੀ ਸ਼ਾਂਤ ਕਰਦੇ ਸਨ।

PunjabKesari

'ਜਗ ਬਾਣੀ' ਦੀ ਟੀਮ ਵੱਲੋਂ ਅੱਜ ਜਦੋਂ ਨਗਰ ਨਿਗਮ ਮੋਗਾ ਵਿਖੇ ਬਣੀ ਰਸੋਈ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਰਸੋਈ ਤਾਂ ਦੋ ਮਹੀਨਿਆਂ ਤੋਂ ਪਹਿਲਾਂ ਦੀ ਬੰਦ ਹੈ। ਰਸੋਈ 'ਚ ਰੋਟੀ ਖਾਣ ਲਈ ਲੱਗੇ ਬੈਂਚਾਂ 'ਤੇ ਧੂੜ-ਮਿੱਟੀ ਜੰਮੀ ਪਈ ਸੀ। ਇੱਥੇ ਹੀ ਬਸ ਨਹੀਂ ਰਸੋਈ 'ਚ ਲੱਗੇ ਫਲੈਕਸ ਬੋਰਡ ਵੀ ਪਾਟੇ ਪਏ ਸਨ। ਰਸੋਈ ਵਿਖੇ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾਣ ਵਾਲੇ ਕੁੱਝ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ 200 ਤੋਂ 250 ਰੁਪਏ ਦਿਹਾੜੀ ਮਿਲਦੀ ਸੀ, ਜਿਸ 'ਚੋਂ ਉਹ ਦੁਪਹਿਰ ਵੇਲੇ 10 ਰੁਪਏ ਦੀ ਰੋਟੀ ਖਾ ਕੇ ਬਾਕੀ ਬਚਦੀ ਰਕਮ ਨਾਲ ਆਪਣੇ ਘਰ ਦਾ ਖਰਚ ਚਲਾ ਲੈਂਦੇ ਸਨ, ਜਿਸ ਕਰ ਕੇ ਇਸ ਰਸੋਈ ਦਾ ਸਾਨੂੰ ਵੱਡਾ ਲਾਭ ਸੀ ਪਰ ਹੁਣ ਰਸੋਈ ਬੰਦ ਹੋਣ ਕਰ ਕੇ ਰੋਜ਼ਾਨਾ ਦੀ ਰੋਟੀ ਦਾ ਖਰਚ ਹੀ 50 ਤੋਂ 70 ਪੈਂਦਾ ਹੈ ਅਤੇ ਉੱਪਰੋਂ ਠੰਡ ਕਰ ਕੇ ਸਵਾਰੀਆਂ ਦੀ ਢੋਆ-ਢੁਆਈ ਦਾ ਕੰਮ ਵੀ ਘੱਟ ਹੈ। ਇਕ ਹੋਰ ਰੋਜ਼ਾਨਾ ਦਿਹਾੜੀ ਕਰਨ ਲਈ ਮੋਗਾ ਆਉਣ ਵਾਲੇ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਰਸੋਈ ਬੰਦ ਹੋਣ ਨਾਲ ਕਈ ਦਿਹਾੜੀਦਾਰਾਂ ਨੂੰ ਦਿਨ ਵੇਲੇ ਉਦੋਂ ਪੇਟ ਭਰ ਕੇ ਰੋਟੀ ਖਾਣੀ ਮੁਸ਼ਕਲ ਹੋ ਜਾਂਦੀ ਹੈ, ਜਦੋਂ ਕਿੱੱਧਰੇ ਉਨ੍ਹਾਂ ਨੂੰ ਦਿਹਾੜੀ ਵੀ ਨਹੀਂ ਮਿਲਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰ ਕੇ ਰਸੋਈ ਨੂੰ ਮੁੜ ਤੋਂ ਚਲਾਇਆ ਜਾਵੇ।

ਇਸ ਤਰ੍ਹਾਂ ਬੰਦ ਹੋਈ ਰਸੋਈ
ਅਤਿ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਰਸੋਈ ਦਾ ਠੇਕਾ ਫਿਰੋਜ਼ਪੁਰ ਦੀ ਇਕ ਕੰਪਨੀ ਨੂੰ ਦਿੱਤਾ ਗਿਆ ਸੀ, ਜਿਸ ਵੱਲੋਂ ਹੀ ਇਸ ਰਸੋਈ ਨੂੰ ਚਲਾਇਆ ਜਾਂਦਾ ਸੀ। ਪ੍ਰਸ਼ਾਸਨ ਵੱਲੋਂ ਇਸ ਕੰਪਨੀ ਨੂੰ ਸਹਾਇਤਾ ਵੀ ਦਿਵਾਈ ਜਾਂਦੀ ਸੀ ਪਰ ਹੌਲੀ-ਹੌਲੀ ਕੰਪਨੀ ਨੂੰ ਸਹਾਇਤਾ ਨਾ ਮਿਲਣ ਕਰ ਕੇ ਇਹ ਰਸੋਈ ਆਖਿਰਕਾਰ ਬੰਦ ਹੋ ਗਈ।

ਜ਼ਿਲਾ ਪ੍ਰਸ਼ਾਸਨ ਨੂੰ ਆਪਣੇ ਵਾਅਦੇ ਅਨੁਸਾਰ ਲੋੜਵੰਦਾਂ ਦੀ ਸਹੂਲਤ ਲਈ ਚਲਾਈ ਸਾਂਝੀ ਰਸੋਈ ਨੂੰ ਮੁੜ ਚਲਦਾ ਕਰਨਾ ਚਾਹੀਦਾ ਹੈ ਕਿਉਂਕਿ ਰੋਜ਼ਾਨਾ ਹੀ ਲੋਕ ਨਿਰਾਸ਼ ਹੋ ਕੇ ਰਸੋਈ 'ਚੋਂ ਮੁੜਦੇ ਹਨ। ਰਸੋਈ ਦੇ ਉਦਘਾਟਨ ਵੇਲੇ ਬਾਂਹਾਂ ਖੜ੍ਹੀਆਂ ਕਰ ਕੇ ਰੋਜ਼ਾਨਾ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਦਾਅਵੇ ਕਰਨ ਵਾਲੇ ਆਗੂਆਂ ਨੂੰ ਇਸ ਸਬੰਧੀ ਸੋਚਣਾ ਚਾਹੀਦਾ ਹੈ ਕਿਉਂਕਿ ਰੋਜ਼ਾਨਾ 400 ਤੋਂ ਵੱਧ ਲੋਕ ਇੱਥੇ ਭੋਜਨ ਖਾਂਦੇ ਸਨ। ਵਿਨੀਤ ਚੋਪੜਾ ਨੌਜਵਾਨ ਆਗੂ


Shyna

Content Editor

Related News