ਸਰਕਾਰੀ ਰਾਸ਼ਨ ਵੰਡ ਨੂੰ ਲੈ ਕੇ ਦੋ ਧਿਰਾਂ ਹੋਈਆਂ ''ਆਹਮੋ-ਸਾਹਮਣੇ''

04/11/2020 2:55:10 PM

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ)-ਇੱਥੇ ਸਰਕਾਰੀ ਰਾਸ਼ਨ ਦੀ ਵੰਡ ਨੂੰ ਲੈ ਕੇ ਵਾਰਡ ਨੰਬਰ-3 'ਚ ਦੋ ਧਿਰਾਂ 'ਆਹਮੋ-ਸਾਹਮਣੇ' ਹੋ ਗਈਆਂ ਤੇ ਦੇਖਦੇ ਹੀ ਦੇਖਦੇ ਦੋਨਾਂ ਧਿਰਾਂ 'ਚ ਤਕਰਾਰ ਵੱਧ ਗਈ, ਜਿਸ ਕਰ ਕੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕਰਵਾਉਂਦੇ ਹੋਏ ਮਾਮਲੇ ਦੀ ਅਗਲੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਵਾਰਡ ਨੰਬਰ-3 'ਚ ਕਾਂਗਰਸੀ ਆਗੂ ਬਲਵੰਤ ਰਾਏ ਪੰਮਾ ਵੱਲੋਂ ਸਰਕਾਰੀ ਰਾਸ਼ਨ ਨੂੰ ਆਪਣੇ ਘਰ 'ਚ ਲਿਆਂਦਾ ਜਾ ਰਿਹਾ ਸੀ ਤਾਂ ਵਾਰਡ ਦੇ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਅਤੇ ਸਾਥੀਆਂ ਨੇ ਰੋਕ ਕੇ ਇਹ ਮੰਗ ਕੀਤੀ ਕਿ ਇਸ ਰਾਸ਼ਨ ਨੂੰ ਘਰ 'ਚ ਰੱਖਣ ਦੀ ਬਜਾਏ ਤੁਰੰਤ ਲੋੜਵੰਦਾਂ 'ਚ ਵੰਡਿਆ ਜਾਵੇ ਕਿਉਕਿ ਕਈ ਥਾਵਾਂ 'ਤੇ ਲੋਕਾਂ ਨੂੰ ਲੋੜ ਅਨੁਸਾਰ ਰਾਸ਼ਨ ਨਹੀਂ ਮਿਲਿਆ। ਇਸ ਦੇ ਨਾਲ ਹੀ ਕੌਂਸਲਰ ਸਚਦੇਵਾ ਨੇ ਦੋਸ਼ ਲਾਇਆ ਕਿ ਸਰਕਾਰੀ ਰਾਸ਼ਨ ਦੀ ਕਾਣੀ ਵੰਡ ਕੀਤੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਇਸੇ ਦੌਰਾਨ ਹੀ ਕਾਂਗਰਸੀ ਆਗੂ ਬਲਵੰਤ ਰਾਏ ਪੰਮਾ ਦਾ ਕਹਿਣਾ ਸੀ ਕਿ ਸਰਕਾਰੀ ਰਾਸ਼ਨ ਦੇ 50 ਬੈਗ ਆਏ ਹਨ, ਜਿਨ੍ਹਾਂ ਨੂੰ ਘਰ ਰੱਖਿਆ ਗਿਆ ਹੈ ਤੇ ਅੱਜ 11 ਅਪ੍ਰੈਲ ਨੂੰ ਇਹ ਪਾਰਦਰਸ਼ੀ ਢੰਗ ਨਾਲ ਵੰਡੇ ਜਾਣੇ ਸਨ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਹੇਰਾ ਫੇਰੀ ਨਹੀਂ ਹੈ। ਇਸ ਮਾਮਲੇ ਦੀ ਪੜ੍ਹਤਾਲ ਕੀਤੀ ਜਾਵੇ ਕਿਉਂਕਿ ਕਥਿਤ ਤੌਰ 'ਤੇ ਮੇਰੇ ਸਾਥੀ ਦੀ ਕੁੱਟ-ਮਾਰ ਕੀਤੀ ਗਈ ਹੈ। ਇਸੇ ਦੌਰਾਨ ਹੀ ਕੌਂਸਲਰ ਸਚਦੇਵਾ ਨੇ ਕਿਹਾ ਕਿ ਉਹ ਲੋਕਾਂ ਦੇ ਹੱਕ ਮੰਗਦੇ ਹਨ। ਉਨ੍ਹਾਂ ਕਿਹਾ ਕੋਈ ਕੁੱਟ-ਮਾਰ ਨਹੀਂ ਕੀਤੀ ਗਈ, ਇਸ ਘਪਲੇ ਦੀ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਪਹਿਲਾ ਹੀ ਲੋਕਾਂ ਨੂੰ ਰਾਸ਼ਨ ਤੇ ਪੱਕਿਆ ਭੋਜਨ ਰੋਜ਼ਾਨਾਂ ਵੰਡ ਰਹੀ ਹੈ।

ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ : ਇੰਸਪੈਕਟਰ
ਇਸ ਮੌਕੇ ਪੁੱਜੇ ਥਾਣਾ ਸਿਟੀ-1 ਦੇ ਮੁੱਖੀ ਗੁਰਪ੍ਰੀਤ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਰਿਕਾਰਡਿੰਗ ਦੇ ਨਾਲ ਨਾਲ ਆਸ-ਪਾਸ ਦੇ ਲੋਕਾਂ ਤੋਂ ਵੀ ਮਾਮਲੇ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸਚਾਈ ਦਾ ਪਤਾ ਲਾਇਆ ਜਾ ਸਕੇ ਅਤੇ ਇਸ ਮਗਰੋਂ ਹੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News