ਮੋਗਾ ਦੀ ਧੀ ਅਵਨੀਤ ਕੌਰ ਬਣੀ ਜੱਜ

02/17/2020 10:58:49 AM

ਮੋਗਾ (ਗੋਪੀ ਰਾਊਕੇ/ਸੰਦੀਪ,ਵਿਪਨ): ਮੋਗਾ ਸ਼ਹਿਰ ਲਈ ਇਹ ਵੱਡੇ ਮਾਣ ਦੀ ਖਬਰ ਹੈ ਕਿ ਇਥੋਂ ਦੀ ਧੀ ਅਵਨੀਤ ਕੌਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਗਏ ਨਤੀਜਿਆਂ 'ਚ ਮੋਹਰੀ ਰਹਿੰਦਿਆਂ ਜੱਜ ਬਣ ਕੇ ਜਿਥੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ, ਉਥੇ ਹੀ ਉਸ ਨੇ ਹੋਰਨਾਂ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ।

ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਤੋਂ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਬੀ.ਏ. ਅਤੇ ਐੱਲ.ਐੱਲ.ਬੀ. ਦਾ ਕੋਰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰਨ ਵਾਲੀ ਅਵਨੀਤ ਨੇ ਜੱਜ ਬਣ ਕੇ ਆਪਣੇ ਮੰਨ ਦੀ ਤਮੰਨਾ ਪੂਰੀ ਕੀਤੀ ਹੈ। ਇਸ ਮੌਕੇ ਅਵਨੀਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਮਾ-ਮਾਮੀ ਉਪਕਾਰ ਸਿੰਘ ਪੀ.ਸੀ.ਐੱਸ., ਮਨਜੋਤ ਕੌਰ ਪੀ.ਸੀ.ਐੱਸ. ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਛੋਟੀ ਭੈਣ ਆਗਿਆਪਾਲ ਕੌਰ ਐਡਵੋਕੇਟ, ਭਰਾ ਅਗਮਜੋਤ ਸਿੰਘ ਨੇ ਵੀ ਹਰ ਖੇਤਰ 'ਚ ਉਸ ਦਾ ਸਾਥ ਦਿੱਤਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਰਾਹੁਲ ਗਰਗ ਨੇ ਇਸ ਕਾਮਯਾਬੀ 'ਤੇ ਅਵਨੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ, ਇਸ ਲਈ ਹਰ ਮਾਂ-ਬਾਪ ਨੂੰ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।


Shyna

Content Editor

Related News