‘ਲੋਕ-ਮਾਰੂ ਨੀਤੀਆਂ ’ਤੇ ਮੋਦੀ ਸਰਕਾਰ ਲਗਾਮ ਲਾਉਣ ’ਚ ਫੇਲ੍ਹ’

07/01/2020 1:42:35 AM

ਸਮਾਣਾ, (ਅਨੇਜਾ)- ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਜਾ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਤਹਿਸੀਲ ਕੰਪਲੈਕਸ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਸਾਡ਼ਿਆ ਗਿਆ। ਇਸ ਮੌਕੇ ਆਰ. ਐੱਮ. ਪੀ. ਆਈ. ਦੇ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਬਲਵਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਇਕ ਪਾਸੇ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਨਾ-ਮੁਰਾਦ ਮਹਾਮਾਰੀ ਤੋਂ ਪ੍ਰਭਾਵਤ ਹੋ ਰਹੀ ਹੈ ਅਤੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਆਮ ਲੋਕਾਂ ’ਤੇ ਨਿੱਤ ਨਵੇਂ ਭਾਰ ਪਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਕਿਸਾਨੀ ਨਾਲ ਸਬੰਧਤ ਤਿੰਨ ਆਰਡੀਨੈਂਸ ਲਿਅਉਣ ਦਾ ਐਲਾਨ ਕੀਤਾ ਗਿਆ ਹੈ, ਜੋ ਸਰਾਸਰ ਕਿਸਾਨ ਵਿਰੋਧੀ ਹਨ। ਇਸੇ ਤਰ੍ਹਾਂ ਜਦੋਂ ਦੁਨੀਆਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਨਾਲੋਂ ਘਟੀਆਂ ਹਨ ਪਰ ਦੇਸ਼ ਵਿਚ ਪਿਛਲੇ 20 ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਸਿੱਧੇ ਤੌਰ ’ਤੇ ਸਰਮਾਏਦਾਰ ਘਰਾਣਿਆਂ ਅਤੇ ਵੱਡੀਆਂ ਤੇਲ ਕੰਪਨੀਆਂ ਨੂੰ ਲਾਭ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਲੋਕ-ਮਾਰੂ ਨੀਤੀਆਂ ਤੇ ਮੋਦੀ ਸਰਕਾਰ ਲਗਾਮ ਲਾਉਣ ’ਚ ਫੇਲ੍ਹ ਸਾਬਤ ਹੋਈ ਹੈ, ਜਿਸ ਨਾਲ ਗਰੀਬ ਅਤੇ ਮਿਡਲ ਕਲਾਸ ਵਰਗ ਪ੍ਰਭਾਵਤ ਹੋਵੇਗਾ, ਜੋ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਜੇ ਕੇਂਦਰ ਸਰਕਾਰ ਨੇ ਵਧੀਆਂ ਹੋਈਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀਂ ਨਾ ਲਿਆਂਦੀ ਤਾਂ ਪਾਰਟੀ ਮੋਦੀ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢੇਗੀ। ਇਸ ਮੌਕੇ ਸਕੱਤਰ ਸੁਰੇਸ਼ ਕੁਮਾਰ ਆਲਮਪੁਰ ਅਤੇ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਪਰਲਾਦ ਸਿੰਘ ਨਿਆਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਗਵਾਨ ਦਾਸ ਗੇਟੀ, ਸੁਖਦੇਵ ਸਿੰਘ ਫਤਿਹਪੁਰ, ਸੁਰੇਸ਼ ਕੁਮਾਰ ਕਕਰਾਲਾ ਭਾਈਕਾ, ਪਲਵਿੰਦਰ ਸਿੰਘ ਗੁਲਾਟੀ, ਸੁਭਾਸ਼ ਸਮਾਣਾ ਅਤੇ ਭੁਪਿੰਦਰ ਬੰਮਣਾ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa