ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ : ਭੱਠਲ

12/29/2020 1:20:30 PM

ਲਹਿਰਾਗਾਗਾ  (ਜ.ਬ.): ‘‘ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ, ਬਲਕਿ ਬਿਨਾਂ ਕਿਸੇ ਦੇਰੀ ਦੇ ਤਿੰਨੋਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਤਾਂ ਜੋ ਦੇਸ਼ ’ਚ ਵਧ ਰਹੀ ਅਰਾਜਕਤਾ ਨੂੰ ਰੋਕਿਆ ਜਾ ਸਕੇ।’’ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਤੇ ਪਲੈਨਿੰਗ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜਾਣਬੁਝ ਕੇ ਕਿਸਾਨਾਂ ਦੇ ਮਸਲੇ ਨੂੰ ਲਟਕਾ ਰਹੇ ਹਨ ਜਦੋਂਕਿ ਚਾਹੀਦਾ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਕਿਸਾਨਾਂ ਨਾਲ ਮਿਲ ਕੇ ਫਰਾਖਦਿਲੀ ਦਿਖਾਉਂਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ, ਭਾਜਪਾ ਦਾ ਅੜੀਅਲ ਵਤੀਰਾ ਦੇਸ਼ ਨੂੰ ਅਰਾਜਕਤਾ, ਬੇਰੋਜ਼ਗਾਰੀ ਵੱਲ ਵਧਾ ਰਿਹਾ ਹੈ।

ਭਾਜਪਾ ਦੇ ਆਗੂ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਿਸਾਨ ਅੰਦੋਲਨ ਵਿਰੁੱਧ ਗਲਤ ਬਿਆਨਬਾਜ਼ੀ ਕਰ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਸਾਨ ਅੰਦੋਲਨ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਦੇਸ਼ ਦਾ ਹਰ ਵਰਗ ਅਤੇ ਹਰ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।

ਇਸ ਮੌਕੇ ਬੀਬੀ ਭੱਠਲ ਦੇ ਪੀ. ਏ. ਰਵਿੰਦਰ ਟੁਰਨਾ, ਸੂਬਾ ਸਕੱਤਰ ਸੋਮਨਾਥ ਸਿੰਗਲਾ, ਸੀਨੀਅਰ ਆਗੂ ਸੁਰੇਸ਼ ਕੁਮਾਰ ਠੇਕੇਦਾਰ, ਕਾਂਗਰਸ ਐੱਸ. ਸੀ. ਡਿਪਾਰਟਮੈਂਟ ਦੇ ਜ਼ਿਲਾ ਚੇਅਰਮੈਨ ਗੁਰਲਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੀਟੂ ਸ਼ਰਮਾ, ਪ੍ਰਸ਼ੋਤਮ ਸਿੰਗਲਾ, ਪ੍ਰਵੀਨ ਕੁਮਾਰ ਰੋਡਾ , ਸਤੀਸ਼ ਕੁਮਾਰ ਡੇਅਰੀ ਵਾਲੇ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।


Shyna

Content Editor

Related News