ਮੋਬਾਇਲ ਅਤੇ ਇੰਟਰਨੈੱਟ ਯਾਦ ਸ਼ਕਤੀ ਨੂੰ ਖਾ ਰਿਹੈ ਘੁਣ ਵਾਂਗ

02/24/2020 12:11:11 PM

ਪਟਿਆਲਾ (ਬਲਜਿੰਦਰ, ਰਾਣਾ):  ਤੇਜ਼ ਰਫ਼ਤਾਰ ਯੁੱਗ 'ਚ ਮੋਬਾਇਲ ਅਤੇ ਇੰਟਰਨੈੱਟ ਲੋਕਾਂ ਦੀ ਯਾਦ ਸ਼ਕਤੀ ਅਤੇ ਦਿਮਾਗੀ ਸਮਰੱਥਾ ਨੂੰ ਘੁਣ ਵਾਂਗ ਖਾ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮੋਬਾਇਲ ਨੰਬਰ ਅਤੇ ਜ਼ਰੂਰੀ ਗੱਲਾਂ ਜਿਵੇਂ ਕਿ ਪਾਸਵਰਡ ਅਤੇ ਹੋਰ ਜਾਣਕਾਰੀ ਮੋਬਾਇਲ ਵਿਚ ਫੀਡ ਕਰ ਕੇ ਰੱਖਣੀ ਪੈ ਰਹੀ ਹੈ। ਪਿਛਲੇ 20 ਸਾਲਾਂ ਦੌਰਾਨ ਜਿਸ ਤਰ੍ਹਾਂ ਇੰਟਰਨੈੱਟ ਅਤੇ ਮੋਬਾਇਲ ਦੀ ਵਰਤੋਂ ਤੇਜ਼ੀ ਨਾਲ ਹਰ ਪਿੰਡ ਅਤੇ ਸ਼ਹਿਰ ਵਿਚ ਵਧੀ ਹੈ, ਉਸ ਨਾਲ ਦਿਮਾਗੀ ਸਮਰੱਥਾ ਅਤੇ ਯਾਦ ਸ਼ਕਤੀ 'ਤੇ ਅਸਰ ਪਿੰਡਾਂ ਅਤੇ ਸ਼ਹਿਰਾਂ ਦੋਵੇਂ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਜਿਥੋਂ ਤੱਕ ਪੰਜਾਬ ਦੀ ਗੱਲ ਹੈ, ਸੂਚਨਾ ਅਤੇ ਤਕਨਾਲੋਜੀ ਦੇ ਖੇਤਰ ਵਿਚ ਆਈ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ ਦਿੱਲੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਖਾਸ ਤੌਰ 'ਤੇ ਇੰਟਰਨੈੱਟ ਨੂੰ ਮੋਬਾਇਲ 'ਤੇ ਚਲਾਉਣ ਸਬੰਧੀ ਪੰਜਾਬੀਆਂ ਨੇ ਪੁਰੇ ਦੇਸ਼ ਦੇ ਲੋਕਾਂ ਨੂੰ ਪਛਾੜ ਦਿੱਤਾ ਹੈ।

ਪੰਜਾਬ ਵਿਚ ਇੰਟਰਨੈੱਟ ਵਰਤਣ ਵਾਲੇ 2 ਕਰੋੜ 24 ਲੱਖ ਖਪਤਕਾਰਾਂ ਵਿਚੋਂ 70 ਫੀਸਦੀ ਤੋਂ ਜ਼ਿਆਦਾ ਲੋਕ ਆਪਣੇ ਇੰਟਰਨੈੱਟ ਦੀ ਵਰਤੋਂ ਆਪਣੇ ਮੋਬਾਇਲ ਫੋਨ 'ਤੇ ਕਰਦੇ ਹਨ। ਭਾਵੇਂ ਕਿ ਇੰਟਰਨੈੱਟ ਵਰਤਣ ਵਾਲਿਆਂ ਦੀ ਵਧਦੀ ਗਿਣਤੀ ਨੂੰ ਦੇਸ਼ ਦੀ ਤਰੱਕੀ ਨਾਲ ਜੋੜ ਦੇ ਦੇਖਿਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਪੰਜਾਬੀਆਂ ਨੇ ਮੋਬਾਇਲ ਫੋਨਾਂ 'ਤੇ ਇੰਟਰਨੈੱਟ ਵਰਤਣ ਨੂੰ ਪਹਿਲ ਦੇਣੀ ਸ਼ੁਰੂ ਕਰ ਕੀਤੀ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿਚ ਵੱਡੇ ਖਤਰੇ ਦਾ ਸੰਕੇਤ ਵੀ ਦਿਖਾਈ ਦੇ ਰਿਹਾ ਹੈ। ਬਹੁਤੇ ਮੋਬਾਇਲਾਂ ਦੀ ਵਰਤੋਂ ਬੱਚਿਆਂ ਅਤੇ ਨੌਜਵਾਨਾਂ ਦੇ ਵਿਕਾਸ ਨੂੰ ਘੁਣ ਵਾਂਗ ਖਾਣ ਲੱਗੀ ਹੈ।ਲਗਾਤਾਰ ਇੰਟਰਨੈੱਟ ਅਤੇ ਮੋਬਾਇਲ ਦੇ ਪ੍ਰਸਾਰ ਨਾਲ ਹੁਣ ਬੱਚੇ ਖੇਡ ਮੈਦਾਨਾਂ ਵਿਚ ਨਹੀਂ ਸਗੋਂ ਮੋਬਾਇਲਾਂ 'ਤੇ ਖੇਡਣ ਦੇ ਆਦੀ ਹੋ ਗਏ ਹਨ। ਇਸ ਤੋਂ ਪਹਿਲਾਂ ਜਦੋਂ ਵੀ ਬੱਚਿਆਂ ਨੂੰ ਕੁਝ ਸਮਾਂ ਮਿਲਦਾ ਸੀ ਤਾਂ ਉਹ ਘਰੋਂ ਬਾਹਰ ਆ ਕੇ ਗਲੀਆਂ ਅਤੇ ਖੇਡ ਮੈਦਾਨਾਂ ਵਿਚ ਖੇਡਦੇ ਸਨ। ਇਸ ਨਾਲ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਆਪਸੀ ਭਾਈਚਾਰੇ ਤੇ ਸਾਂਝੇ ਤੌਰ 'ਤੇ ਰਹਿਣ ਦੀ ਸਮਰੱਥਾ ਵੀ ਵਧਦੀ ਸੀ। ਹੁਣ ਇਹ ਚੀਜ਼ ਹੁਣ ਦੇਖਣ ਨੂੰ ਨਹੀਂ ਮਿਲ ਰਹੀ। ਬੱਚਿਆਂ ਨੂੰ ਜਦੋਂ ਵੀ ਵਿਹਨ ਮਿਲਦੀ ਹੈ, ਉਹ ਮੋਬਾਇਲ 'ਤੇ ਗੇਮਾਂ ਖੇਡ ਕੇ ਬਿਤਾਉਣ ਨੂੰ ਤਰਜੀਹ ਦੇ ਰਹੇ ਹਨ।

ਰੇਟ ਘਟਣ ਕਾਰਣ ਇੰਟਰਨੈੱਟ ਦੇ ਆਦੀ ਹੋ ਰਹੇ ਹਨ ਲੋਕ
ਭਾਰਤ ਵਿਚ ਦੁਨੀਆ ਦੇ ਹੋਰ ਦੇਸ਼ ਦੇ ਮੁਕਾਬਲੇ ਇੰਟਰਨੈੱਟ ਸਸਤਾ ਹੈ। ਕੰਪਨੀਆਂ ਵਿਚ ਦਿਨੋ-ਦਿਨ ਵਧ ਰਹੇ ਕੰਪੀਟੀਸ਼ਨ ਕਾਰਨ ਮੋਬਾਇਲ ਡਾਟਾ ਕਾਫੀ ਸਸਤਾ ਹੈ। ਇਥੋਂ ਤੱਕ ਕਿ ਹੁਣ ਤੱਕ ਹਰ ਇਲਾਕੇ ਵਿਚ 4-ਜੀ ਦੀ ਸਪੀਡ ਵੀ ਮਿਲਣੀ ਸ਼ੁਰੂ ਹੋ ਗਈ ਹੈ। ਇਸ ਕਾਰਣ ਲੋਕ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ ਲੱਗ ਪਏ ਹਨ। ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿਚ ਵੀ ਮੋਬਾਇਲ ਅਤੇ ਇੰਟਰਨੈੱਟ ਦੀ ਵਰਤੋਂ ਵਿਚ ਵਾਧਾ ਹੋ ਰਿਹਾ ਹੈ।

71 ਫ਼ੀਸਦੀ ਪੰਜਾਬੀ ਲੋਕ ਵਰਤਦੇ ਹਨ ਇੰਟਰਨੈੱਟ
ਪੰਜਾਬ ਵਿਚ ਕੁੱਲ 2 ਕਰੋੜ 24 ਲੱਖ ਇੰਟਰਨੈੱਟ ਖਪਤਕਾਰ ਹਨ। ਇਸ ਸੂਬੇ ਵਿਚ ਹਰੇਕ 100 ਵਿਅਕਤੀਆਂ ਪਿੱਛੇ 71 ਫੀਸਦੀ ਲੋਕ ਇੰਟਰਨੈੱਟ ਵਰਤਦੇ ਹਨ, ਜਦੋਂ ਕਿ ਹਰਿਆਣਾ ਵਿਚ ਸਿਰਫ 1 ਕਰੋੜ 40 ਲੱਖ ਲੋਕ ਇੰਟਰਨੈੱਟ ਵਰਤ ਰਹੇ ਹਨ, ਜੋ ਕਿ 100 ਦੇ ਪਿੱਛੇ 49 ਫੀਸਦੀ ਬਣਦਾ ਹੈ।

ਇਲੈਕਟ੍ਰਾਨਿਕ ਯੰਤਰਾਂ 'ਤੇ ਨਿਰਭਰ ਹੋ ਚੁੱਕੀ ਹੈ ਯਾਦ ਸ਼ਕਤੀ
ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਅਜੋਕੇ ਦੌਰ ਦਾ ਮਨੁੱਖ ਪੁਰਾਣੇ ਸਮਿਆਂ ਦੇ ਮਨੁੱਖਾਂ ਨਾਲੋਂ ਤੇਜ਼-ਤਰਾਰ ਅਤੇ ਸੂਝਵਾਨ ਹੈ। ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਅੱਜਕਲ ਬਹੁਤੇ ਲੋਕਾਂ ਦੀ ਸਿਆਣਪ ਅਤੇ ਯਾਦ ਸ਼ਕਤੀ ਕੰਪਿਊਟਰ, ਮੋਬਾਇਲ ਫੋਨਾਂ, ਕੈਲਕੁਲੇਟਰ ਅਤੇ ਇੰਟਰਨੈੱਟ ਸਮੇਤ ਅਜਿਹੇ ਹੋਰ ਇਲੈਕਟ੍ਰਾਨਿਕ ਯੰਤਰਾਂ 'ਤੇ ਨਿਰਭਰ ਹੈ। ਦੂਜੇ ਪਾਸੇ ਪੁਰਾਣੇ ਸਮਿਆਂ ਵਿਚ ਵਿਅਕਤੀਆਂ ਕੋਲ ਇੰਨੇ ਯੰਤਰ ਨਹੀਂ ਸਨ। ਉਨ੍ਹਾਂ ਦੇ ਦਿਮਾਗ ਇੰਨੇ ਤੇਜ਼ ਸਨ ਕਿ ਉਹ ਵੱਡੀਆਂ ਗਿਣਤੀਆਂ-ਮਿਣਤੀਆਂ ਕੁਝ ਹੀ ਸਕਿੰਟਾਂ ਵਿਚ ਉਂਗਲਾਂ 'ਤੇ ਕਰਨ ਦੇ ਸਮਰੱਥ ਸਨ। ਸੂਚਨਾ ਅਤੇ ਤਕਨਾਲੋਜੀ ਦੇ ਯੁਗ ਵਿਚ ਮੋਬਾਇਲ ਫੋਨਾਂ ਵਿਚ ਡਾਟਾ ਸੇਵ ਕਰ ਕੇ ਰੱਖਣ ਕਾਰਣ ਜ਼ਿਆਦਾਤਰ ਲੋਕਾਂ ਦੀ ਹਾਲਤ ਅਜਿਹੀ ਬਣ ਚੁੱਕੀ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੋਬਾਇਲ ਨੰਬਰ ਤੱਕ ਯਾਦ ਨਹੀਂ ਹਨ। ਅਕਸਰ ਨੌਜਵਾਨ ਅਤੇ ਬੱਚੇ ਛੋਟੀਆਂ-ਛੋਟੀਆਂ ਜਾਣਕਾਰੀਆਂ ਹਾਸਲ ਕਰਨ ਲਈ ਗੂਗਲ 'ਤੇ ਸਰਚ ਮਾਰਦੇ ਹਨ। ਈ-ਬੁੱਕ ਅਤੇ ਹੋਰ ਗਜ਼ਟਾਂ ਕਾਰਨ ਕਿਤਾਬਾਂ ਪੜ੍ਹਨ ਦਾ ਰੁਝਾਨ ਵੀ ਘਟਦਾ ਜਾ ਰਿਹਾ ਹੈ। ਲੋਕ ਲਿਖਣ ਲਈ ਪੈੱਨ ਦੀ ਬਜਾਏ ਮੋਬਾਇਲ ਫੋਨ ਅਤੇ ਕੰਪਿਊਟਰਾਂ ਦੇ ਕੀ-ਪੈਡਾਂ ਦੀ ਵਰਤੋਂ ਕਰਦੇ ਹਨ।

ਬੱਚਿਆਂ ਲਈ ਬੇਹੱਦ ਨੁਕਸਾਨਦੇਹ ਹੈ ਮੋਬਾਇਲ ਅਤੇ ਇੰਟਰਨੈੱਟ
ਛੋਟੇ ਬੱਚੇ ਵੀ ਹੁਣ ਕਾਰਟੂਨ ਚੈਨਲਾਂ, ਮੋਬਾਇਲ ਫੋਨਾਂ ਦੀਆਂ ਖੇਡਾਂ ਅਤੇ ਕੰਪਿਊਟਰਾਂ ਵਿਚ ਰੁੱਝੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਆਪਸ ਵਿਚ ਰਲ-ਮਿਲ ਕੇ ਰਹਿਣ ਦੀ ਭਾਵਨਾ ਘਟਦੀ ਜਾ ਰਹੀ ਹੈ। ਮਾਹਿਰਾਂ ਮੁਤਾਬਕ ਇੰਟਰਨੈੱਟ ਵਰਤਣ ਵਾਲੇ ਬੱਚੇ ਚਿੜਚਿੜੇ ਹੋ ਜਾਂਦੇ ਹਨ।


Shyna

Content Editor

Related News