ਹਾਈਕਮਾਨ ਦੇ ਹੁਕਮ ਨਾਲ ਬੈਕਫੁਟ ’ਤੇ ਵਿਧਾਇਕ ਫਤਹਿਜੰਗ ਅਤੇ ਰਾਕੇਸ਼ ਪਾਂਡੇ

06/24/2021 6:43:55 PM

ਚੰਡੀਗੜ੍ਹ (ਅਸ਼ਵਨੀ) : 3 ਮੈਂਬਰੀ ਕਮੇਟੀ ਵਲੋਂ ਮੁੱਖ ਮੰਤਰੀ ਨੂੰ ਦਿੱਤੇ ਗਏ 18 ਨੁਕਤਿਆਂ ’ਤੇ ਹਾਈਕਮਾਨ ਇਸ ਕਦਰ ਸਖ਼ਤ ਹੈ ਕਿ ਇਸ ਦਾ ਅਸਰ ਵੀ ਵਿਖਾਈ ਦੇਣ ਲੱਗਾ ਹੈ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਤਾਂ ਪੰਜਾਬ ਮੰਤਰੀ ਮੰਡਲ ਵਲੋਂ ਉਨ੍ਹਾਂ ਦੇ ਬੇਟਿਆਂ ਨੂੰ ਦਿੱਤੀਆਂ ਗਈਆਂ ਨੌਕਰੀਆਂ ਦੇ ਮਾਮਲੇ ਨੂੰ ਲੈ ਕੇ ਬੈਕਫੁਟ ’ਤੇ ਆ ਗਏ ਹਨ। ਇਸ ਦਾ ਐਲਾਨ ਵੀ ਖੁਦ ਹਰੀਸ਼ ਰਾਵਤ ਨੇ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਪੁੱਤਰ ਨੌਕਰੀ ਨਹੀਂ ਲਵੇਗਾ ਜਦੋਂਕਿ ਵਿਧਾਇਕ ਰਾਕੇਸ਼ ਪਾਂਡੇ ਵੀ ਸਰਕਾਰ ਨੂੰ ਧੰਨਵਾਦ ਨਾਲ ਬੇਟੇ ਦੀ ਨੌਕਰੀ ਠੁਕਰਾਉਣ ’ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ : ਫੌਜ ’ਚ ਕੰਮ ਕਰਨ ’ਤੇ ਮਾਣ, 2 ਸਿੱਖ ਪਲਟਨ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ : ਕੈਪਟਨ

ਜਾਖੜ ਬੋਲੇ-ਕੈਪਟਨ ਗਲਤ ਸਲਾਹਕਾਰਾਂ ਨਾਲ ਘਿਰੇ ਹੋਏ ਹਨ, ਚੋਣਾਂ ਦੌਰਾਨ ਹੋਵੇਗਾ ਮੁੱਖ ਮੰਤਰੀ ਦੇ ਨਾਂ ਦਾ ਐਲਾਨ
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗਲਤ ਸਲਾਹਕਾਰਾਂ ਨਾਲ ਘਿਰੇ ਹੋਏ ਹਨ। ਜਿੱਥੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿਚ ਚੋਣ ਲੜਨ ਵਾਲੀ ਗੱਲ ਦਾ ਸਵਾਲ ਹੈ ਤਾਂ ਚੋਣਾਂ ਹਮੇਸ਼ਾ ਸਮੂਹਿਕ ਤੌਰ ’ਤੇ ਹੀ ਲੜੀਆਂ ਜਾਂਦੀਆਂ ਹਨ। ਮੁੱਖ ਮੰਤਰੀ ਦੇ ਚਿਹਰੇ ’ਤੇ ਸਵਾਲ ਦਾ ਜਵਾਬ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਚੋਣ ਪ੍ਰਚਾਰ ਦੌਰਾਨ ਬਠਿੰਡਾ ਵਿਚ ਖੁਦ ਰਾਹੁਲ ਗਾਂਧੀ ਨੇ 2017 ਵਿਚ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਐਲਾਨਿਆ ਸੀ। ਅਗਲੀਆਂ ਵਿਧਾਨਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਵੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਹੀ ਕਰਨਗੇ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਵੀ ਸੂਰਤ ਵਿਚ ਰਾਜਸਥਾਨ ਜਾਂ ਮੱਧ ਪ੍ਰਦੇਸ਼ ਵਰਗੀ ਸਿਆਸਤ ਦਾ ਗੜ੍ਹ ਨਹੀਂ ਬਣਨ ਦਿੱਤਾ ਜਾਵੇਗਾ। ਇਸ ਲੜਾਈ ਵਿਚ ਕਿਸੇ ਨੂੰ ਵੀ ਲਾਭ ਨਹੀਂ ਲੈਣ ਦਿੱਤਾ ਜਾਵੇਗਾ। ਜਾਖੜ ਨੇ ਵੀ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਨਾ ਦੇਣ ਦੀ ਗੱਲ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਲਾਹਕਾਰਾਂ ਦੀ ਗਲਤ ਸਲਾਹ ਨਾਲ ਕਈ ਉਲਟ ਫੈਸਲੇ ਲੈ ਲਏ ਗਏ।

ਇਹ ਵੀ ਪੜ੍ਹੋ : ਰਾਹੁਲ ਨੇ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਬਾਰੇ ਜਾਣੀ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਦੀ ਰਾਏ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha