ਸਾਬਕਾ ਵਿਧਾਇਕ ਸਿੰਗਲਾ ਸਾਥੀਆਂ ਸਮੇਤ ''ਆਪ'' ''ਚ ਸ਼ਾਮਲ

02/04/2020 5:56:44 PM

ਨਾਭਾ (ਜੈਨ): ਅੱਜ ਕਾਂਗਰਸ ਸਿਆਸਤ ਵਿਚ ਉਸ ਸਮੇਂ ਵੱਡਾ ਧਮਾਕਾ ਹੋਇਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਤਿੰਨ ਵਾਰੀ ਸੂਬਾਈ ਜਨਰਲ ਸਕੱਤਰ ਰਹੇ ਅਤੇ ਇਸ ਹਲਕੇ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਿੰਗਲਾ ਸਥਾਨਕ ਨਗਰ ਕੌਂਸਲ ਦੇ ਉੱਪ-ਪ੍ਰਧਾਨ, ਦੋ ਵਰ੍ਹੇ ਕੌਂਸਲ ਪ੍ਰਧਾਨ ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਇਸ ਹਲਕੇ ਤੋਂ 1992 ਵਿਚ ਵਿਧਾਨ ਸਭਾ ਚੋਣ ਲੜ ਕੇ ਸਾਬਕਾ ਕੈਬਨਿਟ ਮੰਤਰੀ ਰਾਜਾ ਨਰਿੰਦਰ ਸਿੰਘ ਅਤੇ ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਬੀਬੀ ਸਤਿੰਦਰ ਕੌਰ ਨਾਭਾ ਨੂੰ ਕਰਾਰੀ ਹਾਰ ਦਿੱਤੀ ਸੀ। 1997 ਵਿਚ ਕਾਂਗਰਸ ਟਿਕਟ 'ਤੇ ਇਸ ਹਲਕੇ ਤੋਂ ਚੋਣ ਲੜੀ ਸੀ। ਕੁਝ ਸਮਾਂ ਸਿੰਗਲਾ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਰਹੇ ਹਨ।

ਸਿੰਗਲਾ ਨੇ ਕਿਹਾ ਕਿ ਮੈਂ ਕੁਝ ਸਮੇਂ ਤੋਂ ਕਾਂਗਰਸ ਵਿਚ ਘੁਟਣ ਮਹਿਸੂਸ ਕਰ ਰਿਹਾ ਸੀ। ਕਾਂਗਰਸ ਵਿਚ ਕਥਿਤ ਚਾਪਲੂਸਾਂ ਅਤੇ ਦਲਬਦਲੂਆਂ ਦੀ ਹੀ ਸੁਣਵਾਈ ਹੈ। ਮੈਂ ਇੰਦਰਾ ਸੱਤਿਆਗ੍ਰਹਿ ਸਮੇਤ 32 ਦਿਨ ਜੇਲ ਕੱਟੀ। ਟਕਸਾਲੀ ਕਾਂਗਰਸੀਆਂ ਨੂੰ ਕੈਪਟਨ ਸਰਕਾਰ ਵਿਚ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 11 ਫਰਵਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਸਨਸਨੀਖੇਜ਼ ਧਮਾਕਾ ਹੋਵੇਗਾ। ਅਨੇਕਾਂ ਸੱਤਾਧਾਰੀ ਵਿਧਾਇਕਾਂ ਅਤੇ ਸਾਬਕਾ ਵਜ਼ੀਰਾਂ ਨੇ ਅੰਦਰਖਾਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ 'ਆਪ' ਵਿਚ ਜਲਦੀ ਹੀ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ।


Shyna

Content Editor

Related News