ਵਿਧਾਇਕ ਰਮਿੰਦਰ ਆਵਲਾ ਨੇ ਥ੍ਰੇਸ਼ਰ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੰਡੇ ਚੈੱਕ

10/03/2020 3:25:30 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਮਾਰਕਿਟ ਕਮੇਟੀ ਜਲਾਲਾਬਾਦ 'ਚ ਥ੍ਰੈਸ਼ਰ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਵਿਧਾਇਕ ਰਮਿੰਦਰ ਆਵਲਾ ਰਹਿਨੁਮਾਈ ਹੇਠ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਰਾਜ ਬਖਸ਼ ਕੰਬੋਜ ਵਲੋਂ ਵਿੱਤੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। 

ਇਸ ਮੌਕੇ ਮਾਰਕਿਟ ਕਮੇਟੀ ਸਕੱਤਰ ਬਲਜਿੰਦਰ ਸਿੰਘ, ਸਵਰਨ ਸਿੰਘ ਅਤੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਤ ਕਿਸਾਨਾਂ ਲਈ ਪਾਲਿਸੀ ਬਣਾਈ ਹੋਈ ਹੈ।ਇਸਦੇ ਅਧੀਨ ਜੇਕਰ ਖੇਤੀਬਾੜੀ ਜਾ ਮੰਡੀ 'ਚ ਕੰਮ ਕਰਦੇ ਸਮੇਂ ਕਿਸਾਨ ਦੀ ਮੌਤ ਜਾਂ ਅੰਗ ਕੱਟਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਕੀਟ ਕਮੇਟੀ ਵਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਸ ਕੜੀ ਦੇ ਤਹਿਤ ਜਲਾਲਾਬਾਦ ਹਲਕੇ ਨਾਲ ਸਬੰਧਤ ਪਿੰਡਾਂ 'ਚ ਪ੍ਰਭਾਵਿਤ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਮਾਰਕਿਟ ਕਮੇਟੀ ਰਾਜ ਬਖਸ਼ ਕੰਬੋਜ ਨੇ ਦੱਸਿਆ ਕਿ ਮਾਰਕਿਟ ਕਮੇਟੀ ਵਲੋਂ ਕੁੱਲ 5 ਕਿਸਾਨ ਪਰਿਵਾਰਾਂ ਨੂੰ ਕੁੱਲ 3 ਲੱਖ 10 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ, ਜਿਸ 'ਚ ਘੁਬਾਇਆ ਨਾਲ ਸਬੰਧਤ ਕਰਨੈਲ ਸਿੰਘ ਨਾਮਕ ਕਿਸਾਨ ਦੀ ਮੌਤ ਹੋਈ ਸੀ ਅਤੇ ਉਸਦੀ ਪਤਨੀ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ ਗਿਆ। ਇਸ ਤੋਂ ਇਲਾਵਾ ਬਚਨ ਅੰਗ ਕੱਟੇ ਜਾਣ ਤੇ ਬਚਨ ਸਿੰਘ ਪੁੱਤਰ ਇੰਦਰ ਵਾਸੀ ਢੰਡੀ ਕਦੀਮ ਨੂੰ 40 ਹਜ਼ਾਰ ਰੁਪਏ, ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰਹਿਮੇਸ਼ਾਹ ਬੋਦਲਾ ਨੂੰ 20 ਹਜਾਰ ਰੁਪਏ, ਬਾਜ ਸਿੰਘ ਪੁੱਤਰ ਹਜੂਰ ਸਿੰਘ ਵਾਸੀ ਚੱਕ ਅਰਨੀਵਾਲਾ ਨੂੰ 10 ਹਜਾਰ ਰੁਪਏ ਤੇ ਜੱਸਾ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਖੁੜੰਜ ਨੂੰ 40 ਹਜਾਰ ਰੁਪਏ ਦੀ ਵਿੱਤੀ ਦੀ ਸਹਾਇਤਾ ਰਾਸ਼ੀ ਦਾ ਚੈਕ ਦਿੱਤਾ ਗਿਆ ਹੈ।


Shyna

Content Editor

Related News