ਵਿਧਾਇਕ ਲਾਭ ਸਿੰਘ ਉੱਗੋਕੇ ਨੇ 20 ਸਾਲ ਤੋਂ ਬੰਦ ਬੱਸ ਸਟਾਪ ਨੂੰ 20 ਮਿੰਟ ’ਚ ਕਰਵਾਇਆ ਚਾਲੂ

04/18/2022 5:57:20 PM

ਸ਼ਹਿਣਾ (ਧਰਮਿੰਦਰ ਧਾਲੀਵਾਲ) : ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਲਗਾਤਾਰ ਹਲਕੇ ਦੇ ਰੁਕੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ। ਬਲਾਕ ਸ਼ਹਿਣਾ ਦੇ ਪਿੰਡ ਮੌੜ ਨਾਭਾ ਵਿਖੇ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਵਿਸ਼ੇਸ਼ ਸਨਮਾਨ ਕਰਕੇ ਧੰਨਵਾਦ ਕਰਦਿਆਂ ਸਮਾਜ ਸੇਵੀ ਦਰਸ਼ਨ ਸਿੰਘ ਘੁੰਨਸ ਸਮੇਤ ਸਾਥੀਆਂ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਵੱਧ ਸਮਾਂ ਗੁਜ਼ਰਨ ਤੋਂ ਬਾਅਦ ਵੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਬਣਿਆ ਬੱਸ ਸਟਾਫ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ। ਕਈ ਵਾਰ ਸਿਆਸੀ ਲੀਡਰਾਂ ਤੋਂ ਇਲਾਵਾ ਸਬੰਧਤ ਵਿਭਾਗ ਨੂੰ ਵੀ ਜਾਣੂ ਕਰਾਇਆ ਗਿਆ ਸੀ ਪਰ ਕੋਈ ਵੀ ਢੁੱਕਵਾਂ ਹੱਲ ਨਹੀਂ ਨਿਕਲਿਆ, ਜਿਸ ਨਾਲ ਪਿੰਡ ਘੁੰਨਸ, ਧੌਲਾ, ਨਾਨਕਪੁਰਾ ਪਿੰਡੀ ਸਮੇਤ ਹੋਰ ਕਈ ਪਿੰਡਾਂ ਦੇ ਲੋਕ ਅਤੇ ਸਕੂਲੀ ਵਿਦਿਆਰਥੀ ਪ੍ਰੇਸ਼ਾਨ ਸਨ। ਜਿਨ੍ਹਾਂ ਨੂੰ ਮਜਬੂਰਨ ਹੰਡਿਆਇਆ ਅਤੇ ਤਪਾ ਉੱਤਰਨਾ ਪੈਂਦਾ ਸੀ ਅਤੇ ਬਾਅਦ ਵਿਚ ਵੱਖਰਾ ਸਾਧਨ ਲੈ ਕੇ ਪਿੰਡ ਪਹੁੰਚਣਾ ਪੈਂਦਾ ਸੀ, ਜਿਸ ਨਾਲ ਪੈਸੇ ਅਤੇ ਸਮੇਂ ਦਾ ਕਾਫੀ ਨੁਕਸਾਨ ਹੁੰਦਾ ਸੀ। ਉਨ੍ਹਾਂ ਅੱਜ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਇਸ ਮਸਲੇ ਵੱਲ ਧਿਆਨ ਦਿਵਾਇਆ, ਜਿਨ੍ਹਾਂ ਨੇ ਤੁਰੰਤ 20 ਮਿੰਟਾਂ ’ਚ ਇਸ ਮਸਲੇ ਦਾ ਹੱਲ ਕਰਕੇ ਕਈ ਪਿੰਡਾਂ ਦੇ ਲੋਕਾਂ ਨੂੰ ਰਾਹਤ ਦਿਵਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣਵਾਈ ਹੋ ਜਾਂਦੀ ਹੈ। ਅੱਜ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਉਪਰਾਲੇ ਤਹਿਤ ਬਹੁਤ ਵੱਡੀ ਸਮੱਸਿਆ ਦਾ ਹੱਲ ਹੋਇਆ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਬੱਸ ਸਟਾਪ ਦੀ ਬਿਲਡਿੰਗ ਨੂੰ ਦੁਬਾਰਾ ਨਵਾਂ ਬਣਾਇਆ ਜਾਵੇ।

ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੀ ਤਰੱਕੀ ਨੂੰ ਮੁੱਖ ਰੱਖਦਿਆਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਨਵੀਆਂ ਲਿੰਕ ਸੜਕਾਂ, ਬੱਸ ਸਟੈਂਡ ਅਤੇ ਬੱਸ ਸਟਾਪ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪਿੰਡਾਂ ਦੇ ਹਰ ਵਰਗ ਲਈ ਵਿਕਾਸ ਕਾਰਜਾਂ ਦੀ ਗਤੀ ਤੇਜ਼ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੈੱਮ. ਪੀ. ਕੋਟੇ ’ਚੋਂ ਭਗਵੰਤ ਸਿੰਘ ਮਾਨ ਨੇ ਕਈ ਪਿੰਡਾਂ ’ਚ ਨਵੇਂ ਬੱਸ ਸਟੈਂਡ ਬਣਾ ਕੇ ਲੋਕਾਂ ਨੂੰ ਰਾਹਤ ਦਿਵਾਈ ਹੈ। ਬਾਕੀ ਸਮੱਸਿਆਵਾਂ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ । ਹਲਕਾ ਭਦੌੜ ਦੇ ਸਾਰੇ ਕੰਮ ਕਰਨ ਲਈ ਲੋਕਾਂ ਨੇ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ, ਜੋ ਹਰ ਹਾਲਤ ਵਿਚ ਨਿਭਾਉਣਗੇ। ਪਿੰਡ ਵਾਸੀਆਂ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਸਿਰੋਪਾਓ ਸਾਹਿਬ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉੱਘੇ ਸਮਾਜ ਸੇਵੀ ਦਰਸ਼ਨ ਸਿੰਘ ਘੁੰਨਸ, ਗੁਰਤੇਜ ਸਿੰਘ ਉੱਗੋਕੇ, ਹਰਪ੍ਰੀਤ ਸਿੰਘ ਹੈਪੀ, ਸੋਮਨਾਥ ਸ਼ਰਮਾ, ਡਾਕਟਰ ਰਾਜ ਘੁੰਨਸ, ਜਗਸੀਰ ਸਿੰਘ ਘੁੰਨਸ, ਚੇਤਨ ਸਿੰਘ, ਨਿਰਮਲ ਸਿੰਘ ਝਿੰਜਰ, ਸੀਰਾ ਮੋੜ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
 


Manoj

Content Editor

Related News