ਸੇਰ ਨੂੰ ਸਵਾ ਸੇਰ : ਵਿਧਾਇਕ ਕੁਲਦੀਪ ਨੇ ਫੜ੍ਹਵਾਇਆ ਪ੍ਰਸ਼ਾਂਤ ਕਿਸ਼ੋਰ ਬਣ ਕੇ ਠੱਗਣ ਵਾਲਾ ਨੌਸਰਬਾਜ਼

06/18/2021 12:01:40 PM

ਲੁਧਿਆਣਾ (ਪੰਕਜ) : ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦਾ ਨਾਂ ਲੈ ਕੇ ਕਈ ਵਿਧਾਇਕਾਂ ਅਤੇ ਟਿਕਟ ਦੇ ਇਛੁੱਕ ਨੇਤਾਵਾਂ ਨੂੰ ਲੁੱਟਣ ਦੀਆਂ ਸਾਜ਼ਿਸ਼ਾਂ ਰਚਣ ਵਾਲੇ ਮਾਸਟਰਮਾਈਂਡ ਗੌਰਵ ਸ਼ਰਮਾ ਦੀ ਗ੍ਰਿਫਤਾਰੀ ਕਰਵਾਈ। ਇਸ ਦੀ ਜਿੱਥੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ, ਉਥੇ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ। ਪੂਰੇ ਕੇਸ ਤੋਂ ਪਰਦਾ ਚੁੱਕਦੇ ਹੋਏ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਖੁਦ ਨੂੰ ਮੁੱਖ ਮੰਤਰੀ ਦਾ ਸਿਆਸੀ ਸਲਾਹਕਾਰ ਕਹਿਣ ਵਾਲੇ ਨੌਸਰਬਾਜ਼ ਗੌਰਵ ਸ਼ਰਮਾ ਨੇ ਆਪਣੇ ਨਾਲ ਦੋ ਹੋਰ ਵਿਅਕਤੀਆਂ ਨੂੰ ਰੱਖਿਆ ਹੋਇਆ ਸੀ, ਜਿਨ੍ਹਾਂ ਵਿਚ ਇਕ ਹਿੰਦੂ ਜਥੇਬੰਦੀ ਦਾ ਪ੍ਰਧਾਨ ਵੀ ਹੈ। ਮੁਲਜ਼ਮ ਵੱਲੋਂ ਉਨ੍ਹਾਂ ਦੇ ਵ੍ਹਟਸਐਪ ’ਤੇ ਕਾਲ ਕਰ ਕੇ ਦੱਸਿਆ ਗਿਆ ਕਿ ਪਾਰਟੀ ਹਾਈ ਕਮਾਨ ਨੇ ਪੰਜਾਬ ਵਿਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਟੀਮ ਤੋਂ ਵਿਸ਼ੇਸ਼ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨਾਲ ਪਾਰਟੀ ਨੇ ਰਾਜਸਥਾਨ ਦੇ ਦੋ ਵਿਧਾਇਕ ਵੀ ਨਿਯੁਕਤ ਕੀਤੇ ਹੋਏ ਹਨ। ਸਰਵੇ ਵਿਚ ਜਿਨ੍ਹਾਂ ਨੂੰ 60 ਫੀਸਦੀ ਤੋਂ ਜ਼ਿਆਦਾ ਨੰਬਰ ਮਿਲਣਗੇ, ਉਨ੍ਹਾਂ ਦੀ ਟਿਕਟ ਪੱਕੀ ਹੋਵੇਗੀ, ਨਹੀਂ ਤਾਂ ਕਿਸੇ ਵੀ ਕੀਮਤ ’ਤੇ ਪਾਰਟੀ ਟਿਕਟ ਨਹੀਂ ਦੇਵੇਗੀ।

ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਨੇ ਕੈਬਨਿਟ ਮੰਤਰੀ ਧਰਮਸੋਤ ਦੀਆਂ ਮੁਸ਼ਕਲਾਂ ’ਚ ਕੀਤਾ ਵਾਧਾ     

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਵੀ ਪ੍ਰਸ਼ਾਂਤ ਕਿਸ਼ੋਰ ਅਤੇ ਉਨ੍ਹਾਂ ਦੇ ਕਰੀਬੀ ਸਟਾਫ ਨੂੰ ਮਿਲ ਚੁੱਕੇ ਸਨ। ਇਸ ਲਈ ਉਨ੍ਹਾਂ ਨੂੰ ਉਸ ਦੀ ਗੱਲ ’ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ। ਇਸ ਗੱਲ ਦੀ ਪੁਸ਼ਟੀ ਲਈ ਉਨ੍ਹਾਂ ਨੇ ਪੀ. ਕੇ. ਦੇ ਮੋਬਾਇਲ ’ਤੇ ਮੈਸੇਜ ਪਾਉਣੇ ਸ਼ੁਰੂ ਕਰ ਦਿੱਤੇ ਪਰ ਕੋਈ ਜਵਾਬ ਨਾਲ ਮਿਲਣ ’ਤੇ ਉਨ੍ਹਾਂ ਦਾ ਸ਼ੱਕ ਗਹਿਰਾਉਂਦਾ ਗਿਆ, ਜਿਸ ’ਤੇ ਉਸ ਸਮੇਂ ਪੱਕੀ ਮੋਹਰ ਲੱਗੀ, ਜਦੋਂ ਇਕ ਦਿਨ ਮੁਲਜ਼ਮ ਨੇ ਉਨ੍ਹਾਂ ਨੂੰ ਕਾਲ ਕਰ ਕੇ ਕਿਹਾ ਕਿ ਉਨ੍ਹਾਂ ਦੇ ਕਿਸੇ ਸਿਆਸੀ ਦੁਸ਼ਮਣ ਨੇ ਰਾਜਸਥਾਨ ਦੇ ਵਿਧਾਇਕਾਂ ਨਾਲ ਸੰਪਰਕ ਕਰ ਕੇ ਤੁਹਾਡੇ ਲਈ ਸਰਵੇ ਨੂੰ ਖਰਾਬ ਕਰਵਾ ਦਿੱਤਾ ਹੈ। ਇਸ ਲਈ ਤੁਹਾਨੂੰ ਟਿਕਟ ਨਹੀਂ ਮਿਲੇਗੀ। ਇਸ ’ਤੇ ਉਨ੍ਹਾਂ ਨੇ ਸਾਰੀ ਗੱਲ ਆਪਣੇ ਬੇਟਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਮੁਜ਼ਰਮ ਦੀਆਂ ਸਾਜ਼ਿਸ਼ਾਂ ਨੂੰ ਭਾਂਪ ਲਿਆ। ਉਸੇ ਦੇਰ ਰਾਤ ਮੁਲਜ਼ਮ ਨੇ ਉਨ੍ਹਾਂ ਨੂੰ ਕਾਲ ਕਰ ਕੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਟਿਕਟ ਦਿਵਾ ਦੇਣਗੇ। ਤੁਸੀਂ ਰਾਜਸਥਾਨ ਦੇ ਵਿਧਾਇਕਾਂ ਨੂੰ ਕੁਝ ਗਿਫਟ ਦਿਓ। ਪੁੱਛਣ ’ਤੇ ਉਸ ਨੇ 10 ਲੱਖ ਦੀ ਰਕਮ ਜਲੰਧਰ ਦੇ ਰੈਡੀਸਨ ਹੋਟਲ ਵਿਚ ਦੇਣ ਲਈ ਕਹਿੰਦੇ ਹੋਏ ਦਾਅਵਾ ਕੀਤਾ ਕਿ ਉਹ ਜਲਦ ਹੀ ਸਵੇਰੇ ਚੰਡੀਗੜ੍ਹ ਤੋਂ ਕੋਲਕਾਤਾ ਜਾ ਰਿਹਾ ਹੈ, ਜਿੱਥੇ ਉਸ ਨੇ ਤਿੰਨ ਵਿਧਾਇਕਾਂ ਨੂੰ ਤ੍ਰਿਣਮੂਲ ਸਰਕਾਰ ਵਿਚ ਮੰਤਰੀ ਬਣਾਉਣਾ ਹੈ। ਇਸੇ ਦੌਰਾਨ ਪ੍ਰਸ਼ਾਂਤ ਕਿਸ਼ੋਰ ਦੇ ਪੀ. ਏ. ਬਚਿੱਤਰ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੀ. ਕੇ. ਤਾਂ ਪੰਜਾਬ ਆਏ ਹੀ ਨਹੀਂ ਹਨ। ਜਿਸ ’ਤੇ ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਉਹੀ ਸਾਜ਼ਿਸ਼ਕਰਤਾ ਨੌਸਰਬਾਜ਼ ਹੈ, ਜਿਸ ’ਤੇ ਪਹਿਲਾਂ ਵੀ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿਚ ਟਿਕਟ ਦੇ ਚਾਹਵਾਨਾਂ ਤੋਂ ਲੱਖਾਂ ਰੁਪਏ ਲੈਣ ਦੇ ਦੋਸ਼ ਵਿਚ ਧੋਖਾਦੇਹੀ ਦੇ ਪਰਚੇ ਦਰਜ ਹਨ। ਜਿਸ ਤੋਂ ਤੁਰੰਤ ਬਾਅਦ ਪੂਰਾ ਕੇਸ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਮੁਲਜ਼ਮਾਂ ਨੂੰ ਫੜਨ ਦਾ ਪਲਾਨ ਤਿਆਰ ਕਰਦੇ ਹੋਏ ਚਾਰ ਟੀਮਾਂ ਬਣਾਈਆਂ ਗਈਆਂ। ਇਕ ’ਚ ਉਨ੍ਹਾਂ ਦੇ ਦੋਵੇਂ ਬੇਟੇ, ਇਕ ਗੱਡੀ ਵਿਚ ਉਹ ਖੁਦ ਅਤੇ ਦੋ ਗੱਡੀਆਂ ’ਚ ਪੁਲਸ ਟੀਮ ਤਿਆਰ ਕਰ ਕੇ ਉਹ ਜਲੰਧਰ ਨੂੰ ਨਿਕਲ ਪਏ, ਜਿੱਥੇ ਪਹਿਲਾਂ ਉਸ ਦੇ ਸਾਥੀਆਂ ਨੂੰ ਅਤੇ ਬਾਅਦ ’ਚ ਅਸਲੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਢੋਲ ਪ੍ਰਦਰਸ਼ਨ, ਭੀਖ ਮੰਗਣ ਤੋਂ ਬਾਅਦ ਵੋਕੇਸ਼ਨਲ ਅਧਿਆਪਕਾਂ ਨੇ ਸੀ. ਐੱਮ. ਨੂੰ ਖੂਨ ਨਾਲ ਲਿਖਿਆ ਮੰਗ-ਪੱਤਰ    

ਅੰਮ੍ਰਿਤਸਰ ’ਚ ਚੋਣ ਲੜਨ ਦੀ ਸੀ ਤਿਆਰੀ
ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਕਾਂਗਰਸੀ ਟਿਕਟ ਦੇ ਇਛੁੱਕ ਕਈ ਨੇਤਾਵਾਂ ਨੂੰ ਨਕਲੀ ਪੀ. ਕੇ. ਬਣ ਕੇ ਲੱਖਾਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਗੌਰਵ ਸ਼ਰਮਾ ਦੀ ਕਹਾਣੀ ਵੀ ਬੇਹੱਦ ਦਿਲਚਸਪ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਇੰਨੇ ਆਤਮਵਿਸ਼ਵਾਸ ਨਾਲ ਲੋਕਾਂ ਨੂੰ ਫੋਨ ਕਰਦਾ ਸੀ ਕਿ ਜਲਦ ਕਿਸੇ ਨੂੰ ਉਸ ਤੇ ਸ਼ੱਕ ਨਹੀਂ ਹੁੰਦਾ ਸੀ। ਧੋਖਾਦੇਹੀ ਨਾਲ ਲੁੱਟੀ ਲੱਖਾਂ ਰੁਪਏ ਦੀ ਰਕਮ ’ਚੋਂ ਜ਼ਿਆਦਾਤਰ ਹਿੱਸਾ ਉਹ ਆਪਣੇ ਇਲਾਕੇ ਵਿਚ ਰਹਿਣ ਵਾਲੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ’ਚ ਖਰਚਦਾ ਸੀ। ਇਕ ਨੇਤਾ ਤੋਂ ਲੁੱਟੀ 2 ਕਰੋੜ ਤੋਂ ਜ਼ਿਆਦਾ ਦੀ ਰਕਮ ਨੂੰ ਉਸ ਨੇ ਗੋਆ ਜਾ ਕੇ ਇਕ ਹੀ ਝਟਕੇ ਵਿਚ ਕੈਸੀਨੋ ’ਚ ਉਡਾ ਦਿੱਤਾ ਸੀ। ਆਪਣੇ ਇਲਾਕੇ ਵਿਚ ਰੋਬਿਨ ਹੁੱਡ ਦਾ ਅਕਸ਼ ਬਣਾ ਚੁੱਕੇ ਮੁਲਜ਼ਮ ਨੇ ਨਿਗਮ ਚੋਣ ਲੜਨ ਦੀ ਵੀ ਤਿਆਰੀ ਕੀਤੀ ਹੋਈ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਲੁਧਿਆਣਾ ਵਿਚ ਇਸੇ ਤਰ੍ਹਾਂ ਉਨ੍ਹਾਂ ਤੋਂ ਇਕ ਹੋਰ ਕਾਂਗਰਸੀ ਨੇਤਾ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਲੁੱਟ ਲਏ ਸਨ ਪਰ ਸ਼ਰਮ ਦੇ ਮਾਰੇ ਮੁਲਜ਼ਮ ਦੀ ਨੌਸਰਬਾਜ਼ੀ ਦਾ ਸ਼ਿਕਾਰ ਜ਼ਿਆਦਾਤਰ ਨੇਤਾ ਸਾਹਮਣੇ ਆਉਣ ਲਈ ਵੀ ਤਿਆਰ ਨਹੀਂ ਹੋਏ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਲਈ ਆਫ਼ਤ ਬਣੀ ਕਾਲੀ ਰਾਤ, ਹੋਈ ਮੌਤ 

ਗੰਭੀਰ ਚਮੜੀ ਦੇ ਰੋਗ ਤੋਂ ਪੀੜਤ ਸੀ ਮੁਲਜ਼ਮ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਗੰਭੀਰ ਚਮੜੀ ਰੋਗ ਤੋਂ ਪੀੜਤ ਸੀ। ਉਸ ਦੇ ਪੂਰੇ ਜਿਸਮ ਤੋਂ ਪਾਣੀ ਰਿਸਦਾ ਰਹਿੰਦਾ ਸੀ ਪਰ ਪੇਸ਼ੇ ਤੋਂ ਕਲਾਕਾਰ ਹੋਣ ਕਾਰਨ ਨਾ ਸਿਰਫ ਉਹ ਕਈ ਲੋਕਾਂ ਦੀ ਆਵਾਜ਼ ਕੱਢਣ ਵਿਚ ਮਾਹਿਰ ਹੈ, ਸਗੋਂ ਆਪਣੇ ਸ਼ਿਕਾਰ ਨੂੰ ਉਹ ਇਸ ਕਲਾਕਾਰੀ ਨਾਲ ਫਸਾਉਂਦਾ ਸੀ ਕਿ ਮਾੜਾ ਜਿਹਾ ਵੀ ਸ਼ੱਕ ਨਹੀਂ ਹੋਣ ਦਿੰਦਾ ਸੀ। ਉਸ ਦੀ ਨੌਸਰਬਾਜ਼ੀ ਦਾ ਸ਼ਿਕਾਰ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਅਜਿਹੇ ਅਜਿਹੇ ਪ੍ਰਭਾਵਸ਼ਾਲੀ ਨੇਤਾਵਾਂ ਦੇ ਨਾਮ ਸ਼ਾਮਲ ਹਨ ਕਿ ਜੇਕਰ ਸਾਰਿਆਂ ਦੀ ਲਿਸਟ ਜਨਤਕ ਹੋ ਜਾਵੇ ਤਾਂ ਸਿਆਸਤ ’ਚ ਭੂਚਾਲ ਆ ਜਾਵੇਗਾ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha