ਫੇਸਬੁੱਕ 'ਫ੍ਰੈਂਡ' ਨੂੰ ਮਿਲਣ ਗਈਆਂ ਲਾਪਤਾ ਨਾਬਾਲਗ ਸਕੀਆਂ ਭੈਣਾਂ ਦਿੱਲੀ ਤੋਂ ਬਰਾਮਦ

06/07/2022 3:11:07 PM

ਭਵਾਨੀਗੜ੍ਹ (ਕਾਂਸਲ, ਸੋਢੀ, ਵਿਕਾਸ): ਨੇੜਲੇ ਪਿੰਡ ਝਨੇੜੀ 'ਚੋਂ ਦੋ ਦਿਨ ਪਹਿਲਾਂ ਲਾਪਤਾ ਹੋਈਆਂ 2 ਨਾਬਾਲਗ ਸਕੀਆਂ ਭੈਣਾਂ ਨੂੰ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ 48 ਘੰਟਿਆਂ 'ਚ ਦਿੱਲੀ ਤੋਂ ਬਰਾਮਦ ਕੀਤਾ। ਪੁਲਸ ਮੁਤਾਬਕ ਦੋਵੇਂ ਭੈਣਾਂ ਸੋਸ਼ਲ ਮੀਡੀਆ (ਫੇਸਬੁੱਕ) ਰਾਹੀਂ ਦਿੱਲੀ ਦੇ ਕਿਸੇ ਵਿਅਕਤੀ ਦੇ ਨਾਲ ਤਾਲਮੇਲ 'ਚ ਸਨ ਤੇ ਉਸਨੂੰ ਮਿਲਣ ਲਈ ਦਿੱਲੀ ਜਾ ਪਹੁੰਚੀਆਂ। 

ਇਹ ਵੀ ਪੜ੍ਹੋ- ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਗ੍ਰਿਫ਼ਤਾਰ, ਫੜੇ ਗਏ ਪਾਕਿਸਤਾਨੀ ਨੇ ਸੁਣਾਈ ਦਿਲਚਸਪ ਕਹਾਣੀ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁੱਖੀ ਭਵਾਨੀਗੜ੍ਹ ਨੇ ਦੱਸਿਆ ਕਿ ਲੰਘੀ 5 ਜੂਨ ਨੂੰ ਦੋ ਨਾਬਾਲਗ ਸਕੀਆਂ ਭੈਣਾਂ ਜਿਨ੍ਹਾਂ 'ਚੋੰ ਵੱਡੀ ਲੜਕੀ ਦੀ ਉਮਰ 15 ਸਾਲ ਤੇ ਛੋਟੀ ਲਡ਼ਕੀ ਦੀ ਉਮਰ 10 ਸਾਲ ਹੈ, ਘਰ ਵਿੱਚੋੰ ਲਾਪਤਾ ਹੋ ਗਈਆਂ। ਲੜਕੀਆਂ ਦੇ ਲਾਪਤਾ ਹੋਣ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਲੜਕੀਆਂ ਦੇ ਪਿਤਾ ਨਿਰਭੈ ਸਿੰਘ ਵਾਸੀ ਝਨੇੜੀ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਆਰੰਭ ਕੀਤੀ ਅਤੇ ਜ਼ਿਲਾ ਪੁਲਸ ਕਪਤਾਨ ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਦੀ ਅਗਵਾਈ ਅਤੇ ਡੀ.ਐੱਸ.ਪੀ ਭਵਾਨੀਗਡ਼੍ਹ ਦੀਪਕ ਰਾਏ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਵੱਲੋਂ ਐੱਸ.ਆਈ ਜਗਤਾਰ ਸਿੰਘ ਇੰਚਾਰਜ ਚੌੰਕੀ ਘਰਾਚੋੰ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਲੜਕੀਆਂ ਦੀ ਭਾਲ 'ਚ ਭੇਜੀਆਂ ਗਈਆਂ। ਥਾਣਾ ਮੁੱਖੀ ਬਾਜਵਾ ਨੇ ਦੱਸਿਆ ਕਿ ਇਸ ਦੌਰਾਨ ਭਵਾਨੀਗੜ੍ਹ  ਪੁਲਸ ਨੇ ਟੈਕਨੀਕਲ ਮਾਹਰਾਂ ਦੀ ਮਦਦ ਨਾਲ ਲੜਕੀਆਂ ਨੂੰ ਦਿੱਲੀ ਬੱਸ ਸਟੈਂਡ ਤੋਂ ਬਰਾਮਦ ਕਰਾਉਣ ਵਿਚ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ- ਲੁਧਿਆਣਾ 'ਚ ਗੁਰੂ ਨਾਨਕ ਭਵਨ ਦੇ ਮਿੰਨੀ ਆਡੀਟੋਰੀਅਮ 'ਚ ਲੱਗੀ ਭਿਆਨਕ ਅੱਗ

ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵਾਂ ਲੜਕੀਆਂ ਨੂੰ ਉਨ੍ਹਾਂ ਦੇ ਪਿਤਾ ਨਿਰਭੈ ਸਿੰਘ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਦੇ ਹਵਾਲੇ ਕੀਤਾ ਗਿਆ। ਇਸ ਮੁਕੱਦਮੇ ਸਬੰਧੀ ਧਾਰਾ 164 ਸੀ.ਆਰ.ਪੀ.ਸੀ. ਅਧੀਨ ਮਾਨਯੋਗ ਜੱਜ ਸਾਹਿਬ ਦੀ ਹਾਜ਼ਰੀ 'ਚ ਉਕਤ ਲੜਕੀਆਂ ਦੇ ਬਿਆਨ ਦਰਜ ਕਰਵਾਉਣ ਉਪਰੰਤ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬੱਚੀਆਂ ਦੀ ਨਾ ਸਮਝੀਂ ਉਨ੍ਹਾਂ ਨੂੰ ਪਾ ਸਕਦੀ ਸੀ ਕਿਸੇ ਵੱਡੀ ਮੁਸੀਬਤ 'ਚ  

ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਨਿਰਭੈ ਸਿੰਘ ਦੇ ਪਰਿਵਾਰ 'ਚ ਦੋ ਬੱਚੀਆਂ ਹੀ ਹਨ ਜਦੋਂਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਦਸਵੀਂ ਤੇ ਸੱਤਵੀਂ ਜਮਾਤ 'ਚ ਪੜ੍ਹਦੀਆਂ ਨਿਰਭੈ ਸਿੰਘ ਦੀਆਂ ਬੱਚੀਆਂ ਆਪਣੀ ਨਾ ਸਮਝੀ ਕਾਰਨ ਚੰਗੀ ਜਿੰਦਗੀ ਜਿਊਣ ਦੀ ਆਸ ਕਰਕੇ ਫੇਸਬੁੱਕ ਤੇ ਕਿਸੇ ਵਿਅਕਤੀ ਦੇ ਛਲਾਵੇ 'ਚ ਆ ਗਈਆਂ। ਫੇਸਬੁੱਕ ਰਾਹੀਂ ਬੱਚੀਆਂ ਦਿੱਲੀ ਤੇ ਬਠਿੰਡਾ ਦੇ ਦੋ ਵੱਖ-ਵੱਖ ਵਿਅਕਤੀਆਂ ਦੇ ਸੰਪਰਕ ਵਿਚ ਸਨ ਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦੀਆਂ ਸਨ। ਉਸ ਦਿਨ ਬੱਚੀਆਂ ਘਰੋਂ ਬੱਸ ਚੜ ਕੇ ਬਠਿੰਡਾ ਵਿਅਕਤੀ ਨੂੰ ਮਿਲੀਆਂ ਤੇ ਕਿਹਾ ਕਿ ਉਨ੍ਹਾਂ ਨੇ ਅੱਗੇ ਦਿੱਲੀ ਵਾਲੇ ਵਿਅਕਤੀ ਨੂੰ ਮਿਲਣ ਜਾਣਾ ਹੈ ਕਹਿ ਕੇ ਦਿੱਲੀ ਚਲੀਆਂ ਗਈਆਂ। ਪੁਲਸ ਨੇ ਟੈਕਨੀਕਲ ਮਾਹਿਰਾਂ ਦੀ ਮੱਦਦ ਨਾਲ ਬਠਿੰਡਾ ਵਾਲੇ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਦੋਵਾਂ ਬੱਚੀਆਂ ਨੂੰ ਦਿੱਲੀ ਦੇ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ। ਬੱਚੀਆਂ ਨੇ ਦੱਸਿਆ ਕਿ ਦਿੱਲੀ ਵਾਲੇ ਵਿਅਕਤੀ ਨੇ ਐਨ ਮੌਕੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।  

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News