ਚਾਚਾ ਨਾਬਾਲਗ ਭਤੀਜੀ ਨੂੰ ਲੈ ਕੇ ਫਰਾਰ

01/12/2019 6:51:04 AM

ਅਮਰਗਡ਼੍ਹ, (ਜੋਸ਼ੀ, ਡਿੰਪਲ)- ਚਰਨਜੀਤ ਕੌਰ ਪਤਨੀ ਮੱਖਣ ਸਿੰਘ ਵਾਸੀ ਬਾਗਡ਼ੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ 15 ਸਾਲਾ ਨਾਬਾਲਗ ਬੇਟੀ ਨੂੰ ਮੇਰੇ  ਪਤੀ ਦੇ ਚਾਚੇ ਦਾ ਮੁੰਡਾ ਗੁਰਵਿੰਦਰ ਸਿੰਘ 5 ਜਨਵਰੀ ਨੂੰ ਉਧਾਲ ਕੇ ਫਰਾਰ ਹੋ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਮੰਗਣੀ ਹੋ ਚੁੱਕੀ ਸੀ। ਪੀਡ਼ਤ ਪਰਿਵਾਰ ਨੇ ਥਾਣਾ ਅਮਰਗਡ਼੍ਹ ਵਿਖੇ ਦੱਸਿਆ ਕਿ ਇਸ ਸਬੰਧੀ ਇਕ ਦਰਖਾਸਤ 8 ਜਨਵਰੀ ਵਾਲੇ ਦਿਨ ਦਿੱਤੀ ਸੀ। ਹੁਣ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਸਾਡਾ ਪਰਿਵਾਰ ਦਿਹਾਡ਼ੀਦਾਰ ਮਜ਼ਦੂਰ ਹੈ। ਘਟਨਾ ਨੂੰ ਲੈ ਕੇ ਮਾਨਸਕ ਤੌਰ ’ਤੇ ਬਹੁਤ ਪ੍ਰੇਸ਼ਾਨ ਹੈ। ਪੀਡ਼੍ਹਤ ਚਰਨਜੀਤ ਕੌਰ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਾਨੂੰ ਇਨਸਾਫ ਲੈਣ ਲਈ ਸੰਘਰਸ਼ ਵੀ ਕਰਨਾ ਪੈ ਸਕਦਾ ਹੈ। ਇਸ ਸਬੰਧੀ ਜਦੋਂ ਥਾਣਾ ਅਮਰਗਡ਼੍ਹ ਦੇ ਤਫਤੀਸ਼ੀ ਅਫਸਰ ਏ. ਐੈੱਸ. ਆਈ. ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਗੁਰਵਿੰਦਰ ਸਿੰਘ ਵਾਸੀ ਬਾਗਡ਼ੀਆਂ ਖਿਲਾਫ ਥਾਣਾ ਅਮਰਗਡ਼੍ਹ ’ਚ ਮਕੱਦਮਾ ਨੰਬਰ 171 ਧਾਰਾ 363, 366-ਏ ਤਹਿਤ ਮਿਤੀ 8-12-2018 ਨੂੰ ਦਰਜ ਕਰ ਕੇ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh