ਮਗਨਰੇਗਾ ਕਰਮਚਾਰੀ ਯੂਨੀਅਨ ਨੇ ਸੌਂਪਿਆ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮੰਗ ਪੱਤਰ

01/12/2019 1:03:12 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ’ਚ ਮਗਨਰੇਗਾ ਤਹਿਤ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕਰਮਚਾਰੀ ਯੂਨੀਅਨ ਦਾ ਵਫ਼ਦ ਸੂਬਾ ਵਿੱਤ ਸਕੱਤਰ ਅਤੇ ਜ਼ਿਲਾ ਪ੍ਰਧਾਨ ਮਨਸੇ ਖਾਂ ਦੀ ਅਗਵਾਈ ਹੇਠ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਜ਼ਿਲਾ ਬਰਨਾਲਾ ਵਿਖੇ ਸਰਪੰਚਾਂ, ਪੰਚਾਂ ਅਤੇ ਸੰਮਤੀ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਨਸੇ ਖਾਂ ਨੇ ਦੱਸਿਆ ਕਿ ਸੂਬੇ ’ਚ ਮਗਨਰੇਗਾ ਕਰਮਚਾਰੀ ਪਿਛਲੇ 10 ਸਾਲਾਂ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਵੱਖ-ਵੱਖ ਅਸਾਮੀਆਂ ’ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਭਰਤੀ ਪੰਜਾਬ ਸਰਕਾਰ ਵੱਲੋਂ ਅਪਨਾਏ ਗਏ ਮਾਪਦੰਡਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਕੰਟਰੈਕਟ ਅਾਧਾਰ ’ਤੇ ਕੀਤੀ ਗਈ ਹੈ। ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ 2016 ’ਚ ਪ੍ਰਸੋਨਲ ਵਿਭਾਗ ਨੁੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਰਿਕਾਰਡ ਭੇਜਿਆ ਜਾ ਚੁੱਕਾ ਹੈ। ਇਹ ਕਰਮਚਾਰੀ ਠੇਕਾ ਮੁਲਾਜ਼ਮ ਵੈੱਲਫ਼ੇਅਰ ਐਕਟ 2016 ਅਧੀਨ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਤਹਿਤ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਇਸ ਲਈ ਸਮੂਹ ਮਗਨਰੇਗਾ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਮਗਨਰੇਗਾ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰ ਕੇ ਪੇ-ਸਕੇਲ ਲਾਗੂ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਇਕ ਅਹਿਮ ਸਕੀਮ ਹੈ ਅਤੇੇ ਸਾਰੇ ਪਿੰਡਾਂ ’ਚ ਮੁੱਢਲੀ ਸਕੀਮ ਵਜੋਂ ਚੱਲ ਰਹੀ ਹੈ। ਇਸ ਸਮੇਂ ਪੰਜਾਬ ਦੇ ਪਿੰਡਾਂ ਵਿਚਲਾ 70 ਫੀਸਦੀ ਵਿਕਾਸ ਕਾਰਜ ਮਗਨਰੇਗਾ ਅਧੀਨ ਹੋ ਰਿਹਾ ਹੈ। ਵਿਕਾਸ ਕਾਰਜਾਂ ’ਚ ਮਗਨਰੇਗਾ ਕਰਮਚਾਰੀਆਂ ਦਾ ਅਹਿਮ ਰੋਲ ਹੈ। ਇਸ ਲਈ ਸਮੂਹ ਮਗਨਰੇਗਾ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਗਈ ਕਿ ਮਾਣਯੋਗ ਸੁਪਰੀਮ ਕੋਰਟ ਦਾ ਫ਼ੈਸਲਾ 26 ਅਕਤੂਬਰ 2016 ਬਰਾਬਰ ਕੰਮ ਬਰਾਬਰ ਤਨਖਾਹ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਬਰਨਾਲਾ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਸ਼ਹਿਣਾ ਬਲਾਕ ਪ੍ਰਧਾਨ ਗੁਰਦੀਪ ਦਾਸ, ਮਹਿਲ ਕਲਾਂ ਬਲਾਕ ਪ੍ਰਧਾਨ ਬੂਟਾ ਸਿੰਘ, ਹਰਦੇਵ ਸਿੰਘ ਏ. ਪੀ. ਓ. ਸ਼ਹਿਣਾ, ਅਮਨਦੀਪ ਸਿੰਘ ਏ. ਪੀ. ਓ. ਬਰਨਾਲਾ, ਬਲਵਿੰਦਰ ਸਿੰਘ ਬੱਗਾ ਆਦਿ ਹਾਜ਼ਰ ਸਨ। 

KamalJeet Singh

This news is Content Editor KamalJeet Singh