ਵਪਾਰੀਆਂ ਨੇ ਕੀਤਾ ਅਹਿਮ ਐਲਾਨ, 1 ਸਤੰਬਰ ਤੋਂ ਪੂਰਾ ਹਫਤੇ ਖੋਲ੍ਹਣਗੇ ਦੁਕਾਨਾਂ

08/29/2020 2:30:35 AM

ਪਟਿਆਲਾ (ਰਾਜੇਸ਼ ਪੰਜੌਲਾ)- ਕੋਰੋਨਾ ਸੰਕਟ ਦੌਰਾਨ ਮੰਦੀ ਦੀ ਮਾਰ ਝੇਲ ਰਹੇ ਵਪਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਟਿਆਲਾ ਨੇ ਅਹਿਮ ਮੀਟਿੰਗ ਕਰ ਕੇ ਐਲਾਨ ਕੀਤਾ ਹੈ ਕਿ 1 ਸਤੰਬਰ ਤੋਂ ਵਪਾਰੀ ਕੇਂਦਰ ਅਤੇ ਪੰਜਾਬ ਸਰਕਾਰ ਦਾ ਕੋਈ ਹੁਕਮ ਨਹੀਂ ਮੰਨਣਗੇ। ਹਫਤੇ ਦੇ ਸੱਤੋ ਦਿਨ ਦੁਕਾਨਾਂ ਖੋਲ੍ਹਣਗੇ। ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸੋਸ਼ਲ ਡਿਸਟੈਂਸਿੰਗ ਰਾਹੀਂ ਵੱਖ-ਵੱਖ ਬਾਜ਼ਾਰਾਂ ਦੇ ਪ੍ਰਧਾਨਾਂ ਅਤੇ ਵਪਾਰੀ ਆਗੂਆਂ ਨੇ ਹਿੱਸਾ ਲਿਆ।
ਇਸ ਮੌਕੇ ਰਾਕੇਸ਼ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਸਿਰਫ ਕੋਰੋਨਾ ਦਾ ਕਾਨੂੰਨ ਵਪਾਰੀਆਂ ’ਤੇ ਲਾਗੂ ਕਰ ਰਿਹਾ ਹੈ, ਜਦਕਿ ਵਪਾਰੀ ਪਿਛਲੇ 5 ਸਾਲ ਤੋਂ ਘਾਟੇ ’ਚ ਚੱਲ ਰਹੇ ਹਨ। ਕਦੇ ਨੋਟਬੰਦੀ, ਕਦੇ ਜੀ. ਐੱਸ. ਟੀ. ਅਤੇ ਕਦੇ ਕੋਈ ਹੋਰ ਕਾਨੂੰਨ ਲਾਗੂ ਕਰ ਕੇ ਵਪਾਰੀਆਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। 22 ਮਾਰਚ ਤੋਂ ਸ਼ੁਰੂ ਹੋਈ ਕੋਰੋਨਾ ਦੀ ਮਹਾਮਾਰੀ ਦਾ ਸਭ ਤੋਂ ਵੱਡਾ ਅਸਰ ਵਪਾਰੀਆਂ ’ਤੇ ਗਿਆ। ਲਾਕਡਾਊਨ ਅਤੇ ਕਰਫਿਊ ਦੌਰਾਨ ਸਮੁੱਚੇ ਵਪਾਰ ਬੰਦ ਰੱਖੇ ਗਏ। ਵਪਾਰੀਆਂ ਨੂੰ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਉਹ ਆਪਣੀਆਂ ਦੁਕਾਨਾਂ ਨਾ ਖੋਲ੍ਹਣ, ਜਿਸ ਕਰ ਕੇ ਦੁਕਾਨਾਂ, ਫੈਕਟਰੀਆਂ ਅਤੇ ਸਮੁੱਚੇ ਕਾਰੋਬਾਰ ਬੰਦ ਹੋ ਗਏ।
ਉਨ੍ਹਾਂ ਦੱਸਿਆ ਕਿ ਵਪਾਰੀਆਂ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਇਆ ਪਰ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖਾਹ, ਬਿਜਲੀ ਦੇ ਬਿੱਲ, ਦੁਕਾਨਾਂ ਦੇ ਕਿਰਾਏ, ਸਰਕਾਰ ਦੇ ਟੈਕਸ, ਜੀ. ਐੱਸ. ਟੀ., ਇਨਕਮ ਟੈਕਸ, ਵਕੀਲਾਂ ਦੇ ਖਰਚੇ ਦੇਣੇ ਪਏ। ਇਸ ਕਰ ਕੇ ਵਪਾਰੀਆਂ ਦੀ ਆਰਥਿਕ ਤੌਰ ’ਤੇ ਰੀਡ਼੍ਹ ਦੀ ਹੱਡੀ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲਾ ਪਟਿਆਲਾ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਜਾਂ ਤਾਂ ਜ਼ਿਲੇ ’ਚ ਸਮੁੱਚੇ ਸਰਕਾਰੀ ਦਫ਼ਤਰ, ਬੈਂਕ, ਸ਼ਰਾਬ ਦੇ ਠੇਕੇ, ਧਾਰਮਿਕ ਸਥਾਨ ਅਤੇ ਮੁਕੰਮਲ ਆਵਾਜਾਈ ਬੰਦ ਕੀਤੀ ਜਾਵੇ ਜਾਂ ਫਿਰ ਦੁਕਾਨਾਂ ਨੂੰ ਵੀ ਹਫਤੇ ’ਚ ਸੱਤੋ ਦਿਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।
ਵਪਾਰੀਆਂ ਨੇ ਕਿਹਾ ਕਿ 1 ਸਤੰਬਰ ਤੋਂ ਕੋਈ ਵੀ ਵਪਾਰੀ ਸਰਕਾਰ ਦਾ ਹੁਕਮ ਨਹੀਂ ਮੰਨੇਗਾ ਅਤੇ ਆਪਣੀਆਂ ਦੁਕਾਨਾਂ ਖੋਲ੍ਹਣਗੇ। ਓਡ-ਈਵਨ ਜਾਂ ਟਰੇਡ ਵਾਈਜ਼ ਦੁਕਾਨਾਂ ਬੰਦ ਕਰਨ ਦਾ ਫਾਰਮੂੁਲਾ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਕਿਉਂਕਿ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਕਿਸ ਦਿਨ ਕਿਹਡ਼ੀ ਦੁਕਾਨ ਖੁੱਲ੍ਹਣਗੀ ਹੈ। ਪੰਜਾਬ ਦੇ ਸ਼ਹਿਰ ਬਹੁਤ ਪੁਰਾਣੇੇ ਹਨ, ਜਿਥੇ ਦੁਕਾਨਾਂ ’ਤੇ ਕੋਈ ਨੰਬਰਿੰਗ ਨਹੀਂ ਹੋਈ। ਓਡ-ਈਵਨ ਫਾਰਮੂੁਲੇ ਨਾਲ ਬਾਜ਼ਾਰਾਂ ’ਚੋਂ ਕੋਈ ਭੀਡ਼ ਘੱਟ ਨਹੀਂ ਹੋਈ, ਸਿਰਫ ਵਪਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਵਪਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੋਨਾਂ ਨੂੰ ਟੈਕਸ ਅਦਾ ਕਰ ਰਹੇ ਹਨ। ਡੇਢ ਦਰਜ਼ਨ ਸਰਕਾਰੀ ਵਿਭਾਗ ਵਪਾਰੀਆਂ ਦੇ ਪਿੱਛੇ ਲੱਗੇ ਹੋਏ ਹਨ। ਸਰਕਾਰ ਦਾ ਖਜ਼ਾਨਾ ਵੀ ਵਪਾਰੀ ਭਰਦੇ ਹਨ ਪਰ ਸਭ ਤੋਂ ਵੱਡੀ ਮਾਰ ਵੀ ਵਪਾਰੀਆਂ ਨੂੰ ਪੈ ਰਹੀ ਹੈ। ਛੋਟੇ ਵਪਾਰੀਆਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਗਏ ਹਨ। ਸਰਕਾਰ ਨੇ ਕਰਫਿਊ ਦੌਰਾਨ ਵਪਾਰੀਆਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ। ਵੱਡੇ ਵਪਾਰੀਆਂ ਨੂੰ ਲੋਨ ਦੀਆਂ ਕਿਸ਼ਤਾਂ ਭਰਨੀਆਂ ਮੁਸ਼ਕਲ ਹੋ ਗਈਆਂ ਹਨ। ਵਪਾਰੀ ਬੈਂਕਾਂ ਦੇ ਡਿਫਾਲਟਰ ਹੋ ਗਏ ਹਨ ਪਰ ਸਰਕਾਰ ਦਾ ‘ਚਾਬੁਕ’ ਸਿਰਫ ਵਪਾਰੀਆਂ ’ਤੇ ਹੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਤੋਂ ਬਚਾਉਣ ਲਈ 5 ਦਿਨ ਮੁਕੰਮਲ ਕਰਫਿਊ ਲਾ ਦੇਣ ਅਤੇ ਸਿਰਫ 2 ਦਿਨ ਹੀ ਢਿੱਲ ਦੇਣ, ਇਸ ਨਾਲ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਇਹ ਓਡ-ਈਵਨ ਫਾਰਮੂਲੇ ਅਤੇ ਟਰੇਡ ਵਾਈਜ਼ ਦੁਕਾਨਾਂ ਬੰਦ ਕਰਨਾ ਕੋਰੋਨਾ ਤੋਂ ਬਚਣ ਦਾ ਹੱਲ ਨਹੀਂ। ਰੋਜ਼ਾਨਾ ਕੇਸ ਵੱਧ ਰਹੇ ਹਨ। ਪ੍ਰਸ਼ਾਸਨ ਨੂੰ ਆਪਣੇ ਫੈਸਲੇ ਦਾ ਰੀਵਿਊ ਕਰਨਾ ਚਾਹੀਦਾ ਹੈ। ਇਸ ਮੌਕੇ ਭੁਪਿੰਦਰਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਸਹਿਗਲ, ਪ੍ਰਧਾਨ ਸੰਜੀਵ ਸਿੰਗਲਾ, ਧਰਮਪੁਰਾ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੂੁਰਜ ਭਾਟੀਆ, ਪੰਜਾਬ ਰੈਡੀਮੇਡ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ, ਰਾਜਨ ਸਿੰਗਲਾ, ਹੇਮੰਤ ਸਿੰਗਲਾ, ਸੁਖਮਜੀਤ ਅਹੂਜਾ, ਸੰਜੀਵ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Gurdeep Singh

This news is Content Editor Gurdeep Singh