ਮਾਮਲਾ ਮੈਂਬਰ ਪੰਚਾਇਤ ''ਤੇ ਹੋਏ ਹਮਲੇ ਦਾ, ਹਮਲਾਵਰਾਂ ਨੂੰ 7-7 ਸਾਲ ਦੀ ਕੈਦ

10/11/2019 11:03:00 AM

ਮੋਗਾ (ਸੰਦੀਪ)—ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਕਰੀਬ 5 ਸਾਲ ਪਹਿਲਾਂ ਪੰਚਾਇਤੀ ਚੋਣਾਂ ਦੀ ਰੰਜਿਸ਼ ਕਰ ਕੇ ਉਸ ਮੌਕੇ ਦੇ ਪੰਚਾਇਤ ਮੈਂਬਰ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ 10 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ 'ਚੋਂ 9 ਜਣਿਆਂ ਨੂੰ 7-7 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਮਾਣਯੋਗ ਅਦਾਲਤ ਵੱਲੋਂ ਸੁਣਾਏ ਗਏ ਹੁਕਮ 'ਚ ਦੋਸ਼ੀਆਂ ਨੂੰ ਸਜ਼ਾ ਦੇ ਨਾਲ-ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਅਤੇ ਦੋਸ਼ੀਆਂ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ 'ਚ ਦੋਸ਼ੀਆਂ ਨੂੰ 6-6 ਮਹੀਨੇ ਦੀ ਵਾਧੂ ਕੈਦ ਕੱਟਣ ਦੇ ਹੁਕਮ ਵੀ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੂੰ 17 ਜੁਲਾਈ 2014 ਨੂੰ ਦਿੱਤੀ ਗਈ ਸ਼ਿਕਾਇਤ 'ਚ ਇਸ ਘਟਨਾ 'ਚ ਗੰਭੀਰ ਜ਼ਖ਼ਮੀ ਹੋਏ ਪੰਚਾਇਤ ਮੈਂਬਰ ਦਲਜੀਤ ਸਿੰਘ ਪੁੱਤਰ ਚੰਦ ਸਿੰਘ ਵਾਸੀ ਘੋਲੀਆ ਖੁਰਦ ਨੇ ਦੱਸਿਆ ਸੀ ਕਿ ਪੰਚਾਇਤੀ ਚੋਣਾਂ ਦੌਰਾਨ ਹਰਪ੍ਰੀਤ ਸਿੰਘ ਲਵਲੀ ਜੋ ਮੈਂਬਰ ਪੰਚਾਇਤ ਦੀ ਚੋਣ ਹਾਰ ਗਿਆ ਸੀ, ਜਿਸ ਕਰ ਕੇ ਉਹ ਉਸ ਨਾਲ ਰੰਜਿਸ਼ ਰੱਖਦਾ ਸੀ। ਉਸ ਨੇ ਦੱਸਿਆ ਕਿ ਇਸੇ ਰੰਜਿਸ਼ ਤਹਿਤ ਜਦ ਉਹ ਆਪਣੀ 11ਵੀਂ ਕਲਾਸ 'ਚ ਪੜ੍ਹਦੀ ਬੇਟੀ ਨੂੰ ਸਕੂਲ ਬੱਸ ਚੜ੍ਹਾਉਣ ਤੋਂ ਬਾਅਦ ਘਰ ਪਰਤਦੇ ਸਮੇਂ ਰਸਤੇ 'ਚ ਮਿਲੇ ਆਪਣੇ ਦੋਸਤ ਕੋਲ ਰੁਕ ਗਿਆ ਤਾਂ ਇਸ ਦੌਰਾਨ ਪਿੰਡ ਮਾਣੂੰਕੇ ਸਾਈਡ ਤੋਂ ਤਿੰਨ ਮੋਟਰਸਾਈਕਲਾਂ 'ਤੇ ਸਵਾਰ 9 ਵਿਅਕਤੀ ਆਏ, ਜਿਨ੍ਹਾਂ 'ਚ ਹਰਪ੍ਰੀਤ ਸਿੰਘ ਲਵਲੀ, ਗੁਰਦੀਪ ਸਿੰਘ, ਪਮਰਜੀਤ ਸਿੰਘ ਉਰਫ ਲਾਡੀ, ਪ੍ਰਤਾਪ ਸਿੰਘ ਉਰਫ ਜੱਸੀ, ਗੁਰਵਿੰਦਰ ਸਿੰਘ ਉਰਫ ਸੋਨੀ, ਜਗਵੰਤ ਸਿੰਘ, ਗੁਰਜੈਪਾਲ ਸਿੰਘ ਉਰਫ ਗਰਚਾ, ਜਤਿੰਦਰ ਸਿੰਘ, ਕਰਮਜੀਤ ਸਿੰਘ ਆਦਿ ਨੇ ਉਸ 'ਤੇ ਲੋਹੇ ਦੀਆਂ ਰਾਡਾਂ ਤੇ ਬੇਸਬਾਲਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਮੌਕੇ ਘਟਨਾ ਵਾਲੀ ਥਾਂ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਜਦ ਉਸ ਦੀ ਮਦਦ ਕਰਨੀ ਚਾਹੀ ਤਾਂ ਉਕਤ ਹਮਲਾਵਰਾਂ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਪਿੰਡ ਵਾਸੀਆਂ ਨੂੰ ਡਰਾ ਦਿੱਤਾ। ਜਿਸ 'ਤੇ ਪੁਲਸ ਵੱਲੋਂ ਪੀੜਤ ਪੰਚਾਇਤ ਮੈਂਬਰ ਦੇ ਬਿਆਨ 'ਤੇ ਉਕਤ ਹਮਲਾਵਰਾਂ ਖਿਲਾਫ ਬਣਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਮਾਣਯੋਗ ਅਦਾਲਤ ਵੱਲੋਂ ਕਥਿਤ ਦੋਸ਼ੀ ਕਰਮਜੀਤ ਸਿੰਘ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਉਥੇ ਹੀ ਅੱਜ ਇਸ ਮਾਮਲੇ 'ਚ ਆਪਣਾ ਫੈਸਲਾ ਸੁਣਾਉਂਦੇ ਹੋਏ ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਹਰਪ੍ਰੀਤ ਸਿੰਘ ਲਵਲੀ, ਗੁਰਦੀਪ ਸਿੰਘ, ਪਰਮਜੀਤ ਸਿੰਘ ਉਰਫ ਲਾਡੀ, ਪ੍ਰਤਾਪ ਸਿੰਘ ਉਰਫ ਜੱਸੀ, ਗੁਰਵਿੰਦਰ ਸਿੰਘ ਉਰਫ ਸੋਨੀ, ਜਗਵੰਤ ਸਿੰਘ, ਗੁਰਜੈਪਾਲ ਸਿੰਘ ਉਰਫ ਗਰਚਾ, ਜਤਿੰਦਰ ਸਿੰਘ ਸਮੇਤ ਨੌਂ ਦੋਸ਼ੀਆਂ ਨੂੰ 7-7 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ।

Shyna

This news is Content Editor Shyna