ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਨੇ ਫਾਜ਼ਿਲਕਾ ਜ਼ਿਲ੍ਹੇ ਦਾ ਕੀਤਾ ਦੌਰਾ

03/25/2022 9:11:03 PM

ਫਾਜ਼ਿਲਕਾ (ਸੁਖਵਿੰਦਰ ਥਿੰਦ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ’ਚ ਮਿਡ ਡੇ ਮੀਲ, ਆਂਗਣਵਾੜੀ ਸੈਂਟਰਾਂ ’ਚ ਬੱਚਿਆਂ ਅਤੇ ਔਰਤਾਂ ਨੂੰ ਮਿਲਦੀ ਖੁਰਾਕ ਅਤੇ ਰਾਸ਼ਨ ਡਿਪੂਆਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਅਤੇ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਸਰਕਾਰੀ ਸਕੀਮ ਦਾ ਲਾਭ ਲੋੜਵੰਦ ਵਿਅਕਤੀ ਨੂੰ ਮਿਲੇ। ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3 ਫਾਜ਼ਿਲਕਾ ਅਤੇ ਰਾਮਪੁਰਾ ਦੇ ਸਰਕਾਰੀ ਸਕੂਲ ਵਿਚ ਮਿੱਡ ਡੇ ਮੀਲ ਦੀ ਜਾਂਚ ਕੀਤੀ ਅਤੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਾਫ ਸੁਥਰਾ ਖਾਣਾ ਮਿਲੇ ਅਤੇ ਖਾਣਾ ਬਣਾਉਂਦੇ ਸਮੇਂ ਤੇ ਬੱਚਿਆਂ ਨੂੰ ਵਰਤਾਉਂਦੇ ਸਮੇਂ ਸਾਫ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਇਸ ਮੌਕੇ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਲਾਕਡਾਊਨ ਦੌਰਾਨ ਮਿਲਦੇ ਰਹੇ ਰਾਸ਼ਨ ਦੀ ਜਾਣਕਾਰੀ ਹਾਸਲ ਕੀਤੀ।

ਇਸੇ ਤਰ੍ਹਾਂ ਉਨ੍ਹਾਂ ਨੇ ਰਾਮਪੁਰਾ ਦੇ ਆਂਗਣਵਾੜੀ ਸੈਂਟਰ ਦਾ ਦੌਰਾ ਕਰਕੇ ਇੱਥੇ ਵੀ ਬੱਚਿਆਂ ਅਤੇ ਗਰਭਵਤੀ ਅਤੇ ਦੁੱਧ ਪਿਆਉਂਦੀਆਂ ਮਾਵਾਂ ਨੂੰ ਮਿਲਣ ਵਾਲੀ ਖੁਰਾਕ ਦੀ ਜਾਣਕਾਰੀ ਲਈ ਅਤੇ ਕੁਝ ਪਰਿਵਾਰਾਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਨੇ ਕਿਹਾ ਕਿ ਹਰੇਕ ਸਕੂਲ, ਡਿਪੂ ਅਤੇ ਆਂਗਣਵਾੜੀ ਕੇਂਦਰ ਵਿਚ ਜਨ ਜਾਗਰੂਕਤਾ ਲਈ ਬੈਨਰ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਇਥੇ ਮਿਲਣ ਵਾਲੀ ਸਹੂਲਤ ਅਤੇ ਜੇਕਰ ਸਹੂਲਤ ਨਾ ਮਿਲ ਰਹੀ ਹੋਵੇ ਤਾਂ ਸ਼ਿਕਾਇਤ ਕਿੱਥੇ ਕਰਨੀ ਹੈ, ਦੀ ਜਾਣਕਾਰੀ ਹੋਵੇ। ਚੇਤਨ ਪ੍ਰਕਾਸ਼ ਧਾਲੀਵਾਲ ਨੇ ਰਾਮਪੁਰਾ ਦੇ ਅਤੇ ਫਾਜ਼ਿਲਕਾ ਦੇ ਇਕ ਡਿਪੂ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਸਖ਼ਤ ਹਦਾਇਤ ਕੀਤੀ ਕਿ ਡਿਪੂ ਤੋਂ ਲਾਭਪਾਤਰੀਆਂ ਨੂੰ ਕਣਕ ਤੋਲ ਕੇ ਦਿੱਤੀ ਜਾਵੇ ਅਤੇ ਹਰੇਕ ਡਿਪੂ ’ਤੇ ਕੰਡਾ ਲਾਜ਼ਮੀ ਤੌਰ ’ਤੇ ਹੋਵੇ। ਉਨ੍ਹਾਂ ਕਿਹਾ ਕਿ ਬੋਰੀ ਵਿਚ ਜੇਕਰ ਕਣਕ ਘੱਟ ਹੋਵੇ ਤਾਂ ਡਿਪੂ ਪੂਰੀ ਕਰਕੇ ਦੇਵੇ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵੀ ਅਪੀਲ ਕੀਤੀ ਕਿ ਉਹ ਡਿਪੂ ਤੋਂ ਰਾਸ਼ਨ ਹਮੇਸ਼ਾ ਤੋਲ ਕੇ ਲੈਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ।

ਉਨ੍ਹਾਂ ਨੇ ਜਾਂਚ ਦੌਰਾਨ ਜਿੱਥੇ ਵੀ ਊਣਤਾਈਆਂ ਪਾਈਆਂ ਗਈਆਂ, ਉਨ੍ਹਾਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਵੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਾਗਰ ਸੇਤੀਆ ਨਾਲ ਵੀ ਬੈਠਕ ਕੀਤੀ। ਇਸ ਮੌਕੇ ਡੀ.ਐੱਫ.ਐੱਸ.ਓ. ਵਿਕਾਸ ਬੱਤਰਾ ਨੇ ਜਾਣਕਾਰੀ ਦਿੱਤੀ ਕਿ 78 ਫੀਸਦੀ ਲਾਭਪਾਤਰੀਆਂ ਨੂੰ ਛਿਮਾਹੀ ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ’ਚ 50619 ਬੱਚੇ ਅਤੇ 13328 ਗਰਭਵਤੀ ਦੁੱਧ ਪਿਆਉਂਦੀਆਂ ਮਾਵਾਂ ਰਜਿਸਟਰਡ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ’ਚ 712 ਸਕੂਲਾਂ ’ਚ ਮਿੱਡ ਡੇ ਮੀਲ ਦਿੱਤਾ ਜਾ ਰਿਹਾ ਹੈ।


Manoj

Content Editor

Related News