ਮੇਲਾ ਮਾਘੀ ਦੀਆਂ ਤਿਆਰੀਆਂ ਸ਼ੁਰੂ, ਕਿਸਾਨੀ ਅੰਦੋਲਨ ਦੇ ਚੱਲਦਿਆਂ ਇਸ ਵਾਰ ਫਿੱਕਾ ਰਹਿ ਸਕਦੈ ਮੇਲੇ ਦਾ ਰੰਗ

12/29/2020 6:14:08 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਵਿਚ ਲੱਗਣ ਵਾਲੇ ਮੇਲਾ ਮਾਘੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਰ ਵਾਰ ਦੀ ਤਰ੍ਹਾਂ ਮਲੋਟ ਰੋਡ ਸਥਿਤ ਮੇਲਾ ਗਰਾਊਂਡ ’ਚ ਝੂਲਿਆਂ ਦਾ ਪ੍ਰਬੰਧ ਕੀਤਾ ਜਾਣ ਲੱਗਾ ਹੈ। ਮਾਘ ਮਹੀਨੇ ਦੀ ਸ਼ੁਰੂਆਤ ਨਾਲ ਸ਼ੁਰੂ ਹੋਣ ਵਾਲੇ ਮਾਘੀ ਮੇਲੇ ਨੂੰ ਲੈ ਕੇ ਜਿੱਥੇ ਲੋਕਾਂ ਅੰਦਰ ਚਾਅ ਹੈ, ਉੱਥੇ ਹੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੌਰਾਨ ਵੀ ਮੋਟੀ ਕਮਾਈ ਦੇ ਮਕਸਦ ਨਾਲ ਦੁਕਾਨਾਂ ਸਜਾਈਆਂ ਜਾਣ ਲੱਗੀਆਂ ਹਨ। ਵਰਣਨਯੋਗ ਹੈ ਕਿ ਇਸ ਵਾਰ ਦਾ ਮਨੋਰਜੰਨ ਮੇਲਾ 61 ਲੱਖ ਰੁਪਏ ਵਿਚ ਵਿਕਿਆ ਹੈ, ਜਦੋਂਕਿ ਦੂਜੇ ਪਾਸੇ ਦਿੱਲੀ ਧਰਨਿਆਂ ਦੇ ਕਾਰਣ ਦੁਕਾਨਦਾਰ ਦੁਕਾਨਦਾਰੀ ਤੋਂ ਕਿਨਾਰਾ ਕਰਦੇ ਵੀ ਦਿਖਾਈ ਦੇਣ ਲੱਗੇ ਹਨ। ਹਰ ਸਾਲ ਮੇਲੇ ਦੌਰਾਨ ਭਰਵੀਂ ਕਮਾਈ ਕਰਨ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨੀ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਨ੍ਹਾਂ ਨੂੰ ਵੱਡਾ ਨੁਕਸਾਨ ਸਹਿਣਾ ਪਵੇਗਾ। ਅਜਿਹੇ ਹਾਲਾਤ ਇਸ ਸਮੇਂ ਜਾਰੀ ਹਨ ਪਰ ਮੇਲੇ ਦੌਰਾਨ ਦੁਕਾਨਦਾਰਾਂ ਦਾ ਹਾਲ ਬੇਹਾਲ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।

ਕਿਸਾਨੀ ਸੰਘਰਸ਼ ਦਾ ਮੇਲਾ ਮਾਘੀ ’ਤੇ ਵਿਖਾਈ ਦੇ ਸਕਦੈ ਅਸਰ

ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦਾ ਅਸਰ ਇਸ ਵਾਰ ਮੇਲਾ ਮਾਘੀ ’ਤੇ ਵੀ ਦਿਖਾਈ ਦੇ ਸਕਦਾ ਹੈ। ਪਹਿਲਾ ਕੋਰੋਨਾ ਦਾ ਪ੍ਰਭਾਵ ਅਤੇ ਹੁਣ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਦਾ ਰੰਗ ਫਿੱਕਾ ਰਹਿਣ ਦੇ ਆਸਾਰ ਨਜ਼ਰ ਆ ਰਹੇ ਹਨ। ਭਾਵੇਂ ਜ਼ਿਲਾ ਪ੍ਰਸ਼ਾਸਨ ਨੇ ਮੇਲਾ ਮਾਘੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਫ਼ਿਰ ਵੀ ਕਿਸਾਨੀ ਅੰਦੋਲਨ ਦਾ ਅਸਰ ਕਿਤੇ ਨਾਲ ਕਿਤੇ ਇਸ ਮੇਲਾ ਮਾਘੀ ’ਤੇ ਵੀ ਨਜ਼ਰ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਕਿਉਂਕਿ ਮਹੀਨਾ ਭਰ ਚੱਲਣ ਵਾਲੇ ਇਸ ਮੇਲਾ ਮਾਘੀ ’ਚ ਜ਼ਿਆਦਾਤਰ ਪੇਂਡੂ ਲੋਕਾਂ ਦੀ ਆਮਦ ਹੁੰਦੀ ਹੈ ਪਰ ਇਸ ਵਾਰ ਹਰ ਪਿੰਡ ’ਚੋਂ ਇਕ ਤਿਹਾਈ ਲੋਕ ਦਿੱਲੀ ਧਰਨੇ ’ਤੇ ਡਟੇ ਹੋਏ ਹਨ। ਰੋਜ਼ਾਨਾ ਜ਼ਿਲੇ ਅੰਦਰੋਂ ਦਰਜਨਾਂ ਦੇ ਹਿਸਾਬ ਨਾਲ ਲੋਕ ਟਰਾਲੀਆਂ ਭਰਕੇ ਦਿੱਲੀ ਲਈ ਰਵਾਨਾ ਹੋ ਰਹੇ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅਜੇ ਤੱਕ ਕੇਂਦਰ ਅਤੇ ਕਿਸਾਨਾਂ ਦੀ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ ਹੈ।


Shyna

Content Editor

Related News